ਅਲਬਰਟਾ ਤੇ ਬੀਸੀ ਵਿਚਾਲੇ ਪਾਈਪਲਾਈਨ ਝਗੜੇ ਨੇ ਲਿਆ ਨਵਾਂ ਮੋੜ


ਨੌਟਲੇ ਨੇ ਬੀਸੀ ਦੀ ਵਾਈਨ ਉੱਤੇ ਲਾਈ ਪਾਬੰਦੀ
ਐਡਮੰਟਨ, 6 ਫਰਵਰੀ (ਪੋਸਟ ਬਿਊਰੋ) : ਬ੍ਰਿਟਿਸ਼ ਕੋਲੰਬੀਆ ਆਉਣ ਵਾਲੇ ਅਲਬਰਟਾ ਦੇ ਤੇਲ ਦੀ ਲੜਾਈ ਹੁਣ ਵਾਈਨ ਦੀ ਜੰਗ ਬਣ ਗਈ ਹੈ।
ਅਲਬਰਟਾ ਦੀ ਪ੍ਰੀਮੀਅਰ ਰੇਚਲ ਨੌਟਲੇ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਲਬਰਟਾ ਵੱਲੋਂ ਬੀਸੀ ਦੀਆਂ ਵਾਈਨਰੀਜ਼ ਦੀ ਵਾਈਨ ਉੱਤੇ ਤੁਰੰਤ ਪ੍ਰਭਾਵ ਤੋਂ ਪਾਬੰਦੀ ਲਾਈ ਜਾਂਦੀ ਹੈ। ਇੱਕ ਨਿਊਜ਼ ਕਾਨਫਰੰਸ ਵਿੱਚ ਨੌਟਲੇ ਨੇ ਆਖਿਆ ਕਿ ਇਹ ਕਦਮ ਚੁੱਕ ਕੇ ਅਸੀਂ ਬੀਸੀ ਨੂੰ ਇਸ ਹਕੀਕਤ ਤੋਂ ਜਾਣੂ ਕਰਵਾ ਸਕਦੇ ਹਾਂ ਕਿ ਉਹ ਸਾਡੀ ਸਨਅਤ ਉੱਤੇ ਹਮਲਾ ਕਰਕੇ ਸੁੱਕੇ ਨਹੀਂ ਮੁੜ ਸਕਦੇ ਕਿਉਂਕਿ ਅਸੀਂ ਹੱਥ ਉੱਤੇ ਹੱਥ ਧਰ ਕੇ ਇਹ ਸੱਭ ਹੁੰਦਾ ਨਹੀਂ ਵੇਖਣ ਵਾਲੇ। ਉਨ੍ਹਾਂ ਅੱਗੇ ਆਖਿਆ ਕਿ ਅਲਬਰਟਾ ਗੇਮਿੰਗ ਐਂਡ ਲੀਕਰ ਕੰਟਰੋਲ ਬੋਰਡ ਵੱਲੋਂ ਬੀਸੀ ਦੀ ਵਾਈਨ ਅਲਬਰਟਾ ਲਿਆਂਦੇ ਜਾਣ ਉੱਤੇ ਫੌਰੀ ਰੋਕ ਲਾਈ ਜਾਵੇਗੀ।
ਉਨ੍ਹਾਂ ਅੱਗੇ ਆਖਿਆ ਕਿ 2017 ਵਿੱਚ 17.2 ਮਿਲੀਅਨ ਬੋਤਲਾਂ ਇਮਪੋਰਟ ਕੀਤੀਆਂ ਗਈਆਂ ਸਨ ਜੋ ਕਿ 1.4 ਮਿਲੀਅਨ ਕੇਸਿਜ਼ ਦੇ ਬਰਾਬਰ ਸਨ। ਇੱਕ ਅੰਦਾਜ਼ੇ ਮੁਤਾਬਕ ਇਸ ਨਾਲ ਬੀਸੀ ਦੀਆਂ ਵਾਈਨਰੀਜ਼ ਨੂੰ ਹਰ ਸਾਲ 70 ਮਿਲੀਅਨ ਡਾਲਰ ਦਾ ਫਾਇਦਾ ਹੋਇਆ। ਉਨ੍ਹਾਂ ਆਖਿਆ ਕਿ ਬੀਸੀ ਲਈ ਵਾਈਨ ਇੰਡਸਟਰੀ ਬਹੁਤ ਜਿ਼ਆਦਾ ਜ਼ਰੂਰੀ ਹੈ। ਭਾਵੇਂ ਇਹ ਓਨੀ ਜ਼ਰੂਰੀ ਵੀ ਨਾ ਹੋਵੇ ਜਿੰਨੀ ਕਿ ਐਨਰਜੀ ਇੰਡਸਟਰੀ ਅਲਬਰਟਾ ਤੇ ਕੈਨੇਡਾ ਲਈ ਅਹਿਮ ਹੈ ਪਰ ਫਿਰ ਵੀ ਬੀਸੀ ਲਈ ਵਾਈਨ ਇੰਡਸਟਰੀ ਕਾਫੀ ਅਹਿਮੀਅਤ ਰੱਖਦੀ ਹੈ।
ਨੌਟਲੇ ਨੇ ਆਖਿਆ ਕਿ ਉਹ ਅਲਬਰਟਾ ਵਾਸੀਆਂ ਨੂੰ ਇਹ ਬੇਨਤੀ ਕਰਦੀ ਹੈ ਕਿ ਅਗਲੀ ਵਾਰੀ ਜਦੋਂ ਉਹ ਵਾਈਨ ਦੇ ਗਲਾਸ ਦਾ ਆਰਡਰ ਕਰਨ ਤਾਂ ਇੱਕ ਵਾਰੀ ਆਪਣੇ ਐਨਰਜੀ ਵਰਕਰਜ਼ ਬਾਰੇ ਜ਼ਰੂਰ ਸੋਚ ਲੈਣ। ਇੱਕ ਵਾਰੀ ਆਪਣੇ ਗੁਆਂਢੀਆਂ ਬਾਰੇ ਤੇ ਆਪਣੀ ਕਮਿਊਨਿਟੀ ਬਾਰੇ ਵੀ ਜ਼ਰੂਰ ਸੋਚ ਲੈਣ। ਆਪਣੇ ਪ੍ਰੋਵਿੰਸ ਬਾਰੇ ਸੋਚਣ ਤੇ ਇਸ ਤੋਂ ਬਾਅਦ ਅਲਬਰਟਾ ਦੀ ਬੀਅਰ ਦਾ ਆਰਡਰ ਵੀ ਉਹ ਕਰ ਸਕਦੇ ਹਨ।