ਅਰੁਣਾਚਲ ਪ੍ਰਦੇਸ਼ ਵਿੱਚ ਛੇ ਥਾਂਵਾਂ ਦੇ ਨਾਂਅ ਰੱਖਣ ਦੀ ਚੀਨ ਦੀ ਕੋਸ਼ਿਸ਼ ਭਾਰਤ ਵੱਲੋਂ ਰੱਦ


ਨਵੀਂ ਦਿੱਲੀ, 9 ਫਰਵਰੀ (ਪੋਸਟ ਬਿਊਰੋ)- ਚੀਨ ਸਰਕਾਰ ਦੇ ਸਿਵਲ ਮਾਮਲਿਆਂ ਵਾਲੇ ਮੰਤਰਾਲੇ ਵੱਲੋਂ ਆਪਣੇ ਵਿਭਾਗ ਦੀ ਵੈੱਬਸਾਈਟ ਉੱਤੇ ਇੱਕ ਨੋਟਿਸ ਜਾਰੀ ਕਰ ਕੇ ਭਾਰਤ ਦੇ ਅਰੁਣਾਚਲ ਪ੍ਰਦੇਸ਼ ਰਾਜ ਵਿੱਚਲੇ ਛੇ ਥਾਂਵਾਂ ਦੇ ਨਵੇਂ ਨਾਂਅ ਰੱਖਣ ਦੀ ਕੋਸ਼ਿਸ਼ ਨੂੰ ਭਾਰਤ ਸਰਕਾਰ ਨੇ ਰੱਦ ਕਰ ਦਿੱਤਾ ਹੈ।
ਭਾਰਤ ਦੇ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨੇ ਰਾਜ ਸਭਾ ਵਿੱਚ ਇਹ ਜਾਣਕਾਰੀ ਦਿੱਤੀ ਹੈ ਕਿ ਚੀਨ ਦੇ ਸਿਵਲ ਮਾਮਲਿਆਂ ਦੇ ਮੰਤਰਾਲੇ ਨੇ ਆਪਣੀ ਵੈੱਬਸਾਈਟ ੳੱਤੇ 13 ਅਪ੍ਰੈਲ 2017 ਨੂੰ ਨੋਟਿਸ ਜਾਰੀ ਕੀਤਾ ਸੀ। ਇਸ ਨੋਟਿਸ ਦੇ ਸੰਬੰਧ ਵਿੱਚ ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਵੀ ਕੁਝ ਮੌਕਿਆਂ ਉੱਤੇ ਚੀਨ ਨੇ ਅਰੁਣਾਚਲ ਪ੍ਰਦੇਸ਼ ਵਿੱਚ ਕੁਝ ਥਾਂਵਾਂ ਦੇ ਨਾਂਅ ਆਪਣੀ ਸੋਚ ਮੁਤਾਬਕ ਰੱਖਣੇ ਚਾਹੇ ਸਨ। ਜਨਰਲ ਵੀ ਕੇ ਸਿੰਘ ਨੇ ਇੱਕ ਲਿਖਤੀ ਪ੍ਰਸ਼ਨ ਦੇ ਜਵਾਬ ਵਿੱਚ ਦੱਸਿਆ ਕਿ ਭਾਰਤ ਸਰਕਾਰ ਨੇ ਚੀਨ ਦੀ ਇਸ ਕੋਸ਼ਿਸ਼ ਨੂੰ ਰੱਦ ਕਰ ਦਿੱਤਾ ਅਤੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਰਾਜ ਵਿੱਚਲੇ ਕੁਝ ਥਾਂਵਾਂ ਦੇ ਘੜੇ ਹੋਏ ਨਾਂਅ ਰੱਖਣ ਦੇਣ ਨਾਲ ਇਸ ਤੱਥ ਨੂੰ ਬਦਲਿਆ ਨਹੀਂ ਜਾ ਸਕਦਾ ਕਿ ਅਰੁਣਾਚਲ ਪ੍ਰਦੇਸ਼ ਰਾਜ ਭਾਰਤ ਦਾ ਇੱਕ ਅਨਿੱਖੜਵਾਂ ਅਤੇ ਅਣਵੰਡਿਆ ਅੰਗ ਹੈ।
ਵਰਨਣ ਯੋਗ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਕੌਮਾਂਤਰੀ ਸਰਹੱਦ ਨੂੰ ਚੀਨ ਵਿਵਾਦ ਪੂਰਨ ਮੰਨਦਾ ਹੈ। ਭਾਰਤ ਦੇ ਉੱਤਰ ਪੂਰਬੀ ਇਲਾਕੇ ਵਿੱਚ ਚੀਨ ਹਮੇਸ਼ਾ ਤੋਂ ਅਰੁਣਾਚਲ ਪ੍ਰਦੇਸ਼ ਵਿੱਚ ਭਾਰਤੀ ਇਲਾਕੇ ਦੇ ਲਗਭਗ 90,000 ਵਰਗ ਕਿਲੋਮੀਟਰ ਇਲਾਕੇ ‘ਤੇ ਆਪਣਾ ਦਾਅਵਾ ਕਰਦਾ ਆਇਆ ਹੈ।