ਅਯੁੱਧਿਆ ਮੁੱਦੇ ਤੋਂ ਮੁਸਲਿਮ ਪ੍ਰਸਨਲ ਲਾਅ ਬੋਰਡ ਨੇ ਨਦਵੀ ਨੂੰ ਕੱਢ ਦਿੱਤਾ


ਹੈਦਰਾਬਾਦ, 12 ਫਰਵਰੀ (ਪੋਸਟ ਬਿਊਰੋ)- ਅਯੁੱਧਿਆ ਵਿੱਚ ਰਾਮ ਮੰਦਰ ਉਸਾਰੀ ਦੇ ਲਈ ਆਲ ਇੰਡੀਆ ਮੁਸਲਿਮ ਪ੍ਰਸਨਲ ਲਾਅ ਬੋਰਡ (ਏ ਆਈ ਐੱਮ ਪੀ ਐੱਲ ਬੀ) ਨੇ ਸਮਝੌਤੇ ਦਾ ਫਾਰਮੂਲਾ ਦੇਣ ਵਾਲੇ ਮੌਲਾਨਾ ਸੈਯਦ ਸਲਮਾਨ ਹੁਸੈਨੀ ਨਦਵੀ ਨੂੰ ਐਗਜੀਕਿਊਟਿਵ ਮੈਂਬਰ ਦੇ ਅਹੁਦੇ ਤੋਂ ਲਾਹ ਦਿੱਤਾ ਹੈ। ਇਸ ਬੋਰਡ ਨੇ 26ਵੀਂ ਸਾਲਾਨਾ ਬੈਠਕ ਵਿੱਚ ਆਪਣਾ ਰੁਖ਼ ਦੁਹਰਾਉਂਦੇ ਹੋਏ ਕਿਹਾ ਕਿ ਬਾਬਰੀ ਮਸਜਿਦ ਹਮੇਸ਼ਾ ਮਸਜਿਦ ਰਹੇਗੀ। ਮੁਸਲਮਾਨ ਉਸ ਮਸਜਿਦ ਬਦਲੇ ਕਿਤੇ ਹੋਰ ਕੋਈ ਜ਼ਮੀਨ ਨਹੀਂ ਲੈ ਸਕਦੇ।
ਮੁਸਲਿਮ ਪ੍ਰਸਨਲ ਲਾਅ ਬੋਰਡ ਦੇ ਮੈਂਬਰ ਕਾਸਿਮ ਇਲਿਆਸ ਨੇ ਮੌਲਾਨਾ ਨਦਵੀ ਨੂੰ ਕੱਢੇ ਜਾਣ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਮੇਟੀ ਨੇ ਐਲਾਨ ਕੀਤਾ ਹੈ ਕਿ ਬੋਰਡ ਆਪਣੇ ਪੁਰਾਣੇ ਰੁਖ਼ ‘ਤੇ ਕਾਇਮ ਰਹੇਗਾ ਕਿ ਮਸਜਿਦ ਨੂੰ ਨਾ ਗਿਫਟ ਕੀਤਾ ਜਾ ਸਕਦਾ ਹੈ, ਨਾ ਵੇਚਿਆ ਜਾ ਸਕਦਾ ਹੈ ਤੇ ਨਾ ਸ਼ਿਫਟ ਕੀਤਾ ਜਾ ਸਕਦਾ ਹੈ। ਸਲਮਾਨ ਨਦਵੀ ਇਸ ਇਕਮਤ ਰੁਖ਼ ਦੇ ਖਿਲਾਫ ਗਏ ਸਨ, ਇਸ ਲਈ ਉਨ੍ਹਾਂ ਨੂੰ ਬੋਰਡ ਤੋਂ ਕੱਢਿਆ ਜਾਂਦਾ ਹੈ। ਬੋਰਡ ਦੀ ਤਿੰਨ ਦਿਨਾਂ ਬੈਠਕ ਦੀ ਸਮਾਪਤੀ ਮੌਕੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਾਬਰੀ ਮਸਜਿਦ ਇਸਲਾਮ ਦੀ ਆਸਥਾ ਦਾ ਅਹਿਮ ਹਿੱਸਾ ਹੈ। ਮੁਸਲਮਾਨ ਮਸਜਿਦ ਨੂੰ ਕਦੇ ਨਹੀਂ ਛੱਡ ਸਕਦੇ। ਬਾਬਰੀ ਮਸਜਿਦ ਨੂੰ ਢਾਹ ਕੇ ਵੀ ਮਸਜਿਦ ਵਜੋਂ ਉਸ ਦੀ ਪਛਾਣ ਨਹੀਂ ਗੁਆਚਦੀ, ਸ਼ਰਾ ਮੁਤਾਬਕ ਉਹ ਹਮੇਸ਼ਾ ਮਸਜਿਦ ਰਹੇਗੀ।
ਮੁਸਲਿਮ ਪ੍ਰਸਨਲ ਲਾਅ ਬੋਰਡ ਦੀ ਬੈਠਕ ਵਿੱਚ ਇਸਲਾਮੀ ਸ਼ਰਾ ਦੀ ਸੁਰੱਖਿਆ ‘ਤੇ ਚਰਚਾ ਕਰ ਕੇ ਫੈਸਲੇ ਲਏ ਗਏ ਅਤੇ ਬੋਰਡ ਨੇ ਅਧਿਕਾਰਕ ਬਿਆਨ ਵਿੱਚ ਜ਼ੋਰ ਦੇ ਕੇ ਕਿਹਾ ਕਿ ਬਾਬਰੀ ਮਸਜਿਦ ਦੀ ਮੁੜ ਉਸਾਰੀ ਲਈ ਸੰਘਰਸ਼ ਜਾਰੀ ਰਹੇਗਾ। ਸੁਪਰੀਮ ਕੋਰਟ ਵਿੱਚ ਅਪੀਲ ਨੂੰ ਵੀ ਸਾਰੇ ਸਾਧਨਾਂ ਨੂੰ ਪੂਰੇ ਜ਼ੋਰ ਸ਼ੋਰ ਨਾਲ ਲੜਿਆ ਜਾਏਗਾ। ਮੁਸਲਮਾਨਾਂ ਵੱਲੋਂ ਸੁਪਰੀਮ ਕੋਰਟ ਵਿੱਚ ਪੈਰਵੀ ਦੇਸ਼ ਦੇ ਸਭ ਤੋਂ ਵੱਡੇ ਵਕੀਲ ਕਰ ਰਹੇ ਹਨ। ਵਰਨਣ ਯੋਗ ਹੈ ਕਿ ਅਯੁੱਧਿਆ ਵਿਵਾਦ ‘ਤੇ ਸੁਪਰੀਮ ਕੋਰਟ ਵਿੱਚ 14 ਮਾਰਚ ਨੂੰ ਅਗਲੀ ਸੁਣਵਾਈ ਹੋਣ ਵਾਲੀ ਹੈ। ਮੌਲਾਨਾ ਨਦਵੀ ਨੇ ਕੁਝ ਦਿਨ ਪਹਿਲਾਂ ਸ੍ਰੀ ਸ੍ਰੀ ਰਵੀਸ਼ੰਕਰ ਨਾਲ ਬੰਗਲੌਰ ਵਿੱਚ ਬੈਠਕ ਪਿੱਛੋਂ ਅਯੁੱਧਿਆ ਵਿਵਾਦ ਸੁਲਝਾਉਣ ਦਾ ਫਾਰਮੂਲਾ ਦਿੱਤਾ ਸੀ। ਉਨ੍ਹਾਂ ਦੇ ਸੁਝਾਵਾਂ ਤੋਂ ਮੁਸਲਿਮ ਪ੍ਰਸਨਲ ਲਾਅ ਬੋਰਡ ਨਾਰਾਜ਼ ਸੀ ਅਤੇ ਉਨ੍ਹਾਂ ਦੇ ਖਿਲਾਫ ਅਨੁਸ਼ਾਸਨਾਤਮਕ ਕਾਰਵਾਈ ਦੇ ਲਈ ਕਮੇਟੀ ਦਾ ਗਠਨ ਕੀਤਾ ਗਿਆ ਸੀ।