ਅਯੁੱਧਿਆ ਕੇਸ ਵਿੱਚ ਸੁਪਰੀਮ ਕੋਰਟ ਨੇ ਦੋ ਨਵੇਂ ਆਬਜ਼ਰਵਰ ਲਾਉਣ ਲਈ ਹਾਈ ਕੋਰਟ ਨੂੰ ਕਿਹਾ

children school
ਨਵੀਂ ਦਿੱਲੀ, 11 ਸਤੰਬਰ, (ਪੋਸਟ ਬਿਊਰੋ)- ਅਯੁੱਧਿਆ ਵਾਲੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਅਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਹਦਾਇਤ ਕੀਤੀ ਹੈ ਕਿ 10 ਦਿਨਾਂ ਦੇ ਅੰਦਰ ਉਹ ਦੋ ਨਵੇਂ ਐਡੀਸ਼ਨਲ ਜ਼ਿਲ੍ਹਾ ਜੱਜਾਂ ਨੂੰ ਆਬਜ਼ਰਵਰ ਵਜੋਂ ਨਾਮਜ਼ਦ ਕਰਨ, ਜਿਹੜੇ ਅਯੁੱਧਿਆ ਵਿੱਚ ਵਿਵਾਦਤ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਾਲੇ ਸਥਾਨ ਦੀ ਮੁਰੰਮਤ ਅਤੇ ਸੰਭਾਲ ਕੰਮਾਂ ਦੀ ਨਿਗਰਾਨੀ ਕਰਨਗੇ।
ਭਾਰਤ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠ ਸੁਪਰੀਮ ਕੋਰਟ ਦੇ ਬੈਂਚ ਨੇ ਇਹ ਹੁਕਮ ਉਸ ਵੇਲੇ ਦਿੱਤੇ, ਜਦੋਂ ਅਲਾਹਾਬਾਦ ਹਾਈ ਕੋਰਟ ਰਜਿਸਟਰੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਰਾਕੇਸ਼ ਦਿਵੇਦੀ ਨੇ ਇਹ ਦੱਸਿਆ ਕਿ ਇਕ ਆਬਜ਼ਰਵਰ ਸੇਵਾਮੁਕਤ ਹੋ ਗਿਆ ਹੈ ਤੇ ਦੂਸਰੇ ਨੂੰ ਹਾਈ ਕੋਰਟ ਦੇ ਜੱਜ ਵਜੋਂ ਤਰੱਕੀ ਮਿਲ ਗਈ ਹੈ। ਦਿਵੇਦੀ ਨੇ ਸੁਪਰੀਮ ਕੋਰਟ ਨੂੰ ਐਡੀਸ਼ਨਲ ਜ਼ਿਲ੍ਹਾ ਜੱਜਾਂ ਤੇ ਵਿਸ਼ੇਸ਼ ਜੱਜਾਂ ਦੀ ਸੂਚੀ ਸੌਂਪੀ, ਜਿਨ੍ਹਾਂ ਦੀ ਆਬਜ਼ਰਵਰ ਵਜੋਂ ਨਿਯੁਕਤੀ ਕੀਤੀ ਜਾ ਸਕਦੀ ਹੈ। ਜਸਟਿਸ ਅਸ਼ੋਕ ਭੂਸ਼ਨ ਅਤੇ ਐਸ ਅਬਦੁਲ ਨਜ਼ੀਰ ਉੱਤੇ ਆਧਾਰਤ ਸੁਪਰੀਮ ਕੋਰਟ ਦੇ ਇਸ ਬੈਂਚ ਨੇ ਕਿਹਾ, ‘ਸੂਚੀ ਕਾਫ਼ੀ ਲੰਬੀ ਹੈ, ਇਸ ਲਈ ਇਹ ਹੀ ਠੀਕ ਹੋਵੇਗਾ ਕਿ ਅਲਾਹਾਬਾਦ ਹਾਈ ਕੋਰਟ ਦੇ ਮੁੱਖ ਜੱਜ ਪਹਿਲਾਂ ਦਿੱਤੇ ਗਏ ਹੁਕਮਾਂ ਨੂੰ ਧਿਆਨ ਵਿੱਚ ਰੱਖ ਕੇ ਦੋ ਵਿਅਕਤੀਆਂ ਨੂੰ ਆਬਜ਼ਰਵਰ ਨਾਮਜ਼ਦ ਕਰ ਦੇਣ।’
ਅੱਜ ਦੀ ਸੰਖੇਪ ਸੁਣਵਾਈ ਦੌਰਾਨ ਇਕ ਧਿਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਦੋ ਆਬਜ਼ਰਵਰ ਟੀ ਐਮ ਖ਼ਾਨ ਅਤੇ ਐਸ ਕੇ ਸਿੰਘ 2003 ਵਿੱਚ ਨਿਯੁਕਤ ਕੀਤੇ ਗਏ ਸਨ ਅਤੇ ਓਦੋਂ ਤੋਂ ਸੇਵਾ ਨਿਭਾਉਂਦੇ ਆ ਰਹੇ ਸਨ ਅਤੇ ਉਨ੍ਹਾਂ ਨੂੰ ਹੀ ਨਿਗਰਾਨ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ। ਇਸ ਉੱਤੇ ਬੈਂਚ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਇਕ ਹੁਣ ਅਹੁਦੇ ਉੱਤੇ ਤਾਇਨਾਤ ਨਹੀਂ ਹੈ ਅਤੇ ਉਹ ਅੱਗੇ ਕੰਮ ਨਹੀਂ ਦੇਖ ਸਕਦਾ।
ਵਰਨਣ ਯੋਗ ਹੈ ਕਿ ਸੁਪਰੀਮ ਕੋਰਟ ਨੇ 11 ਅਗਸਤ ਨੂੰ ਕਿਹਾ ਸੀ ਕਿ ਉਹ ਲੰਬੇ ਸਮੇਂ ਤੋਂ ਬਕਾਇਆ ਪਏ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਦੀ ਅੰਤਮ ਸੁਣਵਾਈ ਉਸ ਢਾਂਚੇ ਨੂੰ ਢਾਹੇ ਜਾਣ ਦੇ 25 ਸਾਲ ਪੂਰੇ ਹੋਣ ਤੋਂ ਇਕ ਦਿਨ ਪਹਿਲਾਂ 5 ਦਸੰਬਰ ਤੋਂ ਸ਼ੁਰੂ ਕਰਨਗੇ। ਅਲਾਹਾਬਾਦ ਹਾਈ ਕੋਰਟ ਨੇ ਅਯੁੱਧਿਆ ਦੇ ਵਿਵਾਦਤ 2.77 ਏਕੜ ਰਕਬੇ ਨੂੰ ਤਿੰਨ ਧਿਰਾਂ ਸੁੰਨੀ ਵਕਫ਼ ਬੋਰਡ, ਨਿਰਮੋਹੀ ਅਖਾੜਾ ਅਤੇ ਭਗਵਾਨ ਰਾਮ ਲੱਲਾ ਵਿਚਾਲੇ ਵੰਡਣ ਦਾ ਫ਼ੈਸਲਾ ਸੁਣਾਇਆ ਸੀ। ਇਸ ਪਿੱਛੋਂ ਸੁਪਰੀਮ ਕੋਰਟ ਵਿੱਚ 13 ਅਪੀਲਾਂ ਦਾਖ਼ਲ ਕੀਤੀਆਂ ਗਈਆਂ ਹਨ, ਜਿਨ੍ਹਾਂ ਉੱਤੇ ਸੁਣਵਾਈ ਹੋਣੀ ਹੈ।