ਅਮਿਤਾਭ ਬੱਚਨ ਦੇ ਨਾਂਅ ਉੱਤੇ ਠੱਗੀ ਮਾਰਨ ਵਾਲਾ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦਾ ਗਿਆ

amitab bachan
ਖਰੜ, 6 ਅਗਸਤ (ਪੋਸਟ ਬਿਊਰੋ)- ਫਿਲਮ ਐਕਟਰ ਅਮਿਤਾਭ ਬੱਚਨ ਦੇ ਨਾਂਅ ‘ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਹੈਰੀ ਭੱਟ ਉਰਫ ਹੈਰੀ ਅਵਿਨਾਸ਼ ਵੈਦਿਆ ਉਰਫ ਹਰਨੇਕ ਪੁੱਤਰ ਵਜਿੰਦਰ ਵੈਦਿਆ ਵਾਸੀ ਗੁਜਰਾਤ ਨੂੰ ਥਾਣਾ ਸਿਟੀ ਪੁਲਸ ਖਰੜ ਨੇ ਮੁੰਬਈ ਦੀ ਤਿਜੋਰਾ ਜੇਲ੍ਹ ਤੋਂ ਕੱਲ੍ਹ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਹੈ।
ਥਾਣਾ ਸਿਟੀ ਖਰੜ ਦੇ ਮੁਖੀ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਉਕਤ ਠੱਗ ਪਿਛਲੇ ਦਿਨੀਂ ਟਰਾਈ ਸਿਟੀ ਦੀਆਂ ਵੱਖ-ਵੱਖ ਛੇ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਅਮਿਤਾਭ ਬੱਚਨ ਦੇ ਨਾਂਅ ਉਤੇ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਖਰੜ ਤੋਂ ਫਰਵਰੀ ਵਿੱਚ ਖਿਸਕ ਗਿਆ ਸੀ। ਪੁਲਸ ਉਸ ਦੀ ਭਾਲ ਕਰ ਰਹੀ ਸੀ। ਜਦੋਂ ਪੁਲਸ ਨੂੰ ਉਸ ਦੇ ਮੁੰਬਈ ਜੇਲ੍ਹ ਵਿੱਚ ਹੋਣ ਦਾ ਪਤਾ ਲੱਗਾ ਤਾਂ ਥਾਣਾ ਸਿਟੀ ਦੇ ਏ ਐਸ ਆਈ ਅਵਤਾਰ ਸਿੰਘ ਪੁਲਸ ਟੀਮ ਨਾਲ ਖਰੜ ਤੋਂ ਮੁੰਬਈ ਗਏ ਅਤੇ ਉਕਤ ਠੱਗ ਨੂੰ ਮੁੰਬਈ ਦੀ ਤਿਜੋਰਾ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ਉੱਤੇ ਕੱਲ੍ਹ ਲਿਆਂਦਾ ਗਿਆ। ਏ ਐਸ ਆਈ ਅਵਤਾਰ ਸਿੰਘ ਨੇ ਦੋਸ਼ੀ ਨੂੰ ਖਰੜ ਅਦਾਲਤ ਵਿੱਚ ਪੇਸ਼ ਕਰ ਕੇ 10 ਦਿਨਾਂ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ, ਪਰ ਜੱਜ ਨੇ ਦੋ ਦਿਨਾਂ ਦੇ ਪੁਲਸ ਰਿਮਾਂਡ ਦੇ ਹੁਕਮ ਸੁਣਾਏ ਹਨ।