ਅਮਾਨਤ

-ਲਾਲ ਚੰਦ ਸਿਰਸੀਵਾਲ
ਸਵੇਰੇ-ਸਵੇਰੇ ਰਾਕੇਸ਼ ਦੇ ਫੋਨ ਦੀ ਘੰਟੀ ਵੱਜੀ। ਫੋਨ ਰਾਜੂ ਦਾ ਸੀ। ਉਹ ਬੱਚਿਆਂ ਦੀ ਫੀਸ ਦੀ ਆਖਰੀ ਤਾਰੀਖ ਹੋਣ ਕਾਰਨ ਉਧਾਰ ਪੈਸਿਆਂ ਦੀ ਮੰਗ ਕਰ ਰਿਹਾ ਸੀ। ਰਾਕੇਸ਼ ਨੇ ਆਪਣਾ ਹੱਥ ਤੰਗ ਅਤੇ ਰਾਜੂ ਦਾ ਮਾੜਾ ਲੈਣ ਦੇਣ ਹੋਣ ਕਾਰਨ ਟਾਲ ਮਟੋਲ ਕਰ ਦਿੱਤੀ। ਫਿਰ ਰਾਜੂ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਰਾਕੇਸ਼ ਦੇ ਘਰ ਆ ਕੇ ਬੱਚਿਆਂ ਦੀ ਪੜ੍ਹਾਈ ਦਾ ਵਾਸਤਾ ਦੇ ਕੇ ਤਰਲੇ ਮਿੰਨਤਾਂ ਕਰਨ ਲੱਗਿਆ। ਰਾਕੇਸ਼ ਫਿਰ ਵੀ ਟਾਲਦਾ ਰਿਹਾ।
ਰਾਕੇਸ਼ ਦੇ ਜਵਾਬ ਦੇਣ ‘ਤੇ ਉਸ ਦੇ ਬੱਚਿਆਂ ਨੇ ਆਪਣੇ ਪਾਪਾ ਨੂੰ ਦੂਜੇ ਕਮਰੇ ਵਿੱਚ ਬੁਲਾ ਕੇ ਕਿਹਾ, ‘ਜੇ ਤੁਹਾਡੇ ਕੋਲ ਰੁਪਏ ਨਹੀਂ ਤਾਂ ਸਾਡੇ ਜੇਬ ਖਰਚ ਦੇ 1500 ਰੁਪਏ ਦੇ ਕਰੀਬ ਹਨ, ਉਹ ਦੇ ਦਿਓ। ਅੰਕਲ ਦੇ ਬੱਚੇ ਅਨਪੜ੍ਹ ਨਹੀਂ ਰਹਿਣਗੇ।’ ਬੱਚਿਆਂ ਦੀ ਇੱਛਾ ਦੇਖ ਕੇ ਰਾਕੇਸ਼ ਨੇ ਸਾਰਾ ਕੁਝ ਦੱਸ ਕੇ ਪੈਸੇ ਦੇ ਦਿੱਤੇ।
ਲਗਭਗ ਛੇ ਮਹੀਨੇ ਬਾਅਦ ਰਾਕੇਸ਼ ਰੁਪਏ ਵਾਪਸ ਲੈਣ ਗਿਆ ਤਾਂ ਰਾਜੂ ਟਾਲਦਾ ਰਿਹਾ। ਆਂਢੀ ਗੁਆਂਢੀ ਰਾਕੇਸ਼ ਨੂੰ ਦਿੱਤੇ ਰੁਪਏ ਭੁੱਲ ਜਾਣ ਦੀ ਸਲਾਹ ਦੇਣ ਲੱਗੇ। ਫਿਰ ਰਾਕੇਸ਼ ਇਕ ਦਿਨ ਰਾਜੂ ਦੇ ਘਰ ਚਲਾ ਗਿਆ। ਉਸ ਦੀ ਪਤਨੀ ਤੇ ਬੱਚਿਆਂ ਨੂੰ ਕਿਹਾ, ‘ਗੱਲ ਰੁਪਿਆਂ ਦੀ ਨਹੀਂ। ਮੇਰੇ ਬੱਚਿਆਂ ਨੇ ਆਪਣੀ ਬੱਚਤ ਤੁਹਾਨੂੰ ਇਨਸਾਨੀ ਫਰਜ਼ ਸਮਝਦਿਆਂ ਦੇ ਦਿੱਤੀ। ਹੁਣ ਮੈਨੂੰ ਡਰ ਇਹ ਹੈ ਕਿ ਜੇ ਤੁਸੀਂ ਇਹ ਪੈਸੇ ਵਾਪਸ ਨਾ ਕੀਤੇ ਤਾਂ ਮੇਰੇ ਬੱਚਿਆਂ ਦਾ ਇਨਸਾਨੀਅਤ ਤੋਂ ਵਿਸ਼ਵਾਸ ਨਾ ਉਠ ਜਾਵੇ। ਬਾਕੀ ਤੁਹਾਡੀ ਮਰਜ਼ੀ..।’ ਇਹ ਕਹਿ ਕੇ ਰਾਕੇਸ਼ ਚਲਾ ਗਿਆ।
ਕੁਝ ਮਹੀਨੇ ਪਿੱਛੋਂ ਰਾਜੂ ਰਾਕੇਸ਼ ਦੇ ਘਰ ਆਇਆ ਤੇ ਬੱਚਿਆਂ ਨੂੰ ਬੁਲਾ ਕੇ ਆਖਣ ਲੱਗਾ, ‘ਮਿਹਰਬਾਨੀ ਬੱਚਿਓ, ਤੁਹਾਡੀ ਪਹਿਲ ਕਰਕੇ ਮੇਰੇ ਬੱਚੇ ਅਗਲੀ ਜਮਾਤ ਵਿੱਚ ਹੋ ਗਏ ਹਨ। ਇਹ ਲਓ ਤੁਹਾਡੀ ਅਮਾਨਤ ਜਿਸ ਸਦਕਾ ਮੇਰੇ ਅੰਦਰ ਇਨਸਾਨੀਅਤ ਦਾ ਜਨਮ ਹੋਇਆ। ਹੁਣ ਮੈਂ ਹਰੇਕ ਦਾ ਉਧਾਰ ਮੋੜਾਂਗਾ।’ ਨੀਵੀਂ ਪਾ ਕੇ ਘਰ ਆਉਣ ਵਾਲਾ ਰਾਜੂ ਸਿਰ ਉਚਾ ਕਰਕੇ ਜਾ ਰਿਹਾ ਸੀ।