ਅਮਰੀਕੀ ਰੈਪਰ ਟਿ੍ਰਪਲ ਐਕਸ ਦਾ ਗੋਲੀ ਮਾਰ ਕੇ ਕਤਲ


ਲਾਸ ਏਂਜਲਸ, 20 ਜੂਨ (ਪੋਸਟ ਬਿਊਰੋ)- ਟਿ੍ਰਪਲ ਐਕਸ ਟੈਂਟੇਸ਼ਿਅਨ ਦੇ ਨਾਂ ਨਾਲ ਮਸ਼ਹੂਰ ਅਮਰੀਕੀ ਰੈਪਰ ਜਾਸੇਹ ਡੂਵਾਇਨੇ ਆਨਫ੍ਰਾਏ ਦੀ ਫਲੋਰੀਡਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਵਿਵਾਦਾਂ ‘ਚ ਘਿਰੇ ਰਹਿਣ ਵਾਲੇ ਟੈਂਟੇਸ਼ਿਆਨ 20 ਸਾਲ ਦੇ ਸਨ। ਪੁਲਸ ਦਾ ਕਹਿਣਾ ਹੈ ਕਿ ਕੱਲ੍ਹ ਸ਼ਾਮ ਚਾਰ ਵਜੇ ਦੇ ਕਰੀਬ ਬ੍ਰੋਵਰਡ ਕਾਉਂਟੀ ਦੇ ਇਕ ਮੋਟਰ ਸਪੋਰਟਸ ਸਟੋਰ ਦੇ ਬਾਹਰ ਐਸ ਯੂ ਵੀ ਉਤੇ ਸਵਾਰ ਦੋ ਹਥਿਆਰਬੰਦ ਬਦਮਾਸ਼ਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ। ਟੈਂਟੇਸ਼ਿਆਨ ਦੇ ‘ਬੈਡ ਬੁਆਏਜ਼ ਫਾਰੇਵਰ’, ‘ਫ੍ਰੀ ਐਕਸ’ ਨਾਮਕ ਐਲਬਮ ਅਤੇ ‘ਸੈਡ’ ਅਤੇ ਚੇਂਜੇਜ’ ਗਾਣੇ ਸੁਪਰ ਹਿੱਟ ਹੋਏ ਸਨ। ਸਤੰਬਰ 2017 ‘ਚ ਆਏ ਮਿਊਜ਼ਿਕ ਵੀਡੀਓ ‘ਲੁੱਕ ਐਟ ਮੀ’ ਕਾਰਨ ਉਨ੍ਹਾਂ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵੀਡੀਓ ‘ਚ ਉਹ ਇਕ ਗੋਰੇ ਨੌਜਵਾਨ ਉੱਤੇ ਹਿੰਸਾ ਕਰਦੇ ਨਜ਼ਰ ਆ ਰਹੇ ਸਨ। ਟੈਂਟੇਸ਼ਿਅਨ ਉਤੇ ਆਪਣੀ ਗਰਭਵਤੀ ਮਹਿਲਾ ਮਿੱਤਰ ‘ਤੇ ਘਰੇਲੂ ਹਿੰਸਾ ਅਤੇ ਤੰਗ ਕਰਨ ਦੇ ਮੁਕੱਦਮੇ ਵੀ ਚੱਲ ਰਹੇ ਸਨ। ਇਸ ਕਾਰਨ ਉਨ੍ਹਾਂ ਨੂੰ ਕਾਫੀ ਦਿਨਾਂ ਤੱਕ ਘਰ ਨਜ਼ਰਬੰਦ ਰਹਿਣਾ ਪਿਆ ਸੀ। ਪ੍ਰਸਿੱਧ ਕਲਾਕਾਰ ਕੇਨ ਵੇਸਟ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਤਸਵੀਰ ਸਾਂਝੀ ਕੀਤੀ ਤੇ ਲਿਖਿਆ, ‘ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ। ਮੈਂ ਇਹ ਕਦੀ ਨਹੀਂ ਦੱਸਿਆ ਕਿ ਤੁਸੀਂ ਮੈਨੂੰ ਕਿੰਨੀ ਪ੍ਰੇਰਣਾ ਦਿੱਤੀ।’