ਅਮਰੀਕੀ ਬੰਬ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 90 ਨੂੰ ਟੱਪੀ

mother of bombs dropped
ਕਾਬੁਲ, 16 ਅਪ੍ਰੈਲ (ਪੋਸਟ ਬਿਊਰੋ)- ਇੱਕ ਅਫਗਾਨ ਅਧਿਕਾਰੀ ਦੇ ਮੁਤਾਬਕ ਅਮਰੀਕਾ ਵੱਲੋਂ ਕੀਤੇ ਹੁਣ ਤੱਕ ਦੇ ਸਭ ਤੋਂ ਵੱਡੇ ਗੈਰ ਐਟਮੀ ਬੰਬ ਹਮਲੇ ਵਿੱਚ ਮਰਨ ਵਾਲੇ ਅੱਤਵਾਦੀਆਂ ਦੀ ਗਿਣਤੀ 94 ਹੋ ਗਈ ਹੈ।
ਨੰਗਰਹਰ ਸੂਬੇ ਦੇ ਗਵਰਨਰ ਦੇ ਬੁਲਾਰੇ ਅਤਾਉਲ੍ਹਾ ਖੋਗਿਆਨੀ ਨੇ ਦੱਸਿਆ ਕਿ ਤਾਜ਼ਾ ਰਿਪੋਰਟ ਦੇ ਅਨੁਸਾਰ ਇਸ ਬੰਬ ਹਮਲੇ ਵਿੱਚ ਆਈ ਐੱਸ ਦੇ 36 ਅੱਤਵਾਦੀ ਮਾਰੇ ਗਏ ਸਨ, ਪਰ ਹੁਣ ਇਹ ਗਿਣਤੀ ਵਧ ਕੇ 94 ਹੋ ਗਈ ਹੈ। ਵਰਨਣ ਯੋਗ ਹੈ ਕਿ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਬੰਬ ਹਮਲੇ ਵਾਲੀ ਜਗ੍ਹਾ ਦਾ ਨਿਰੀਖਣ ਕਰਨ ਪਿੱਛੋਂ ਕਿਹਾ ਸੀ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਅਤਾਉਲ੍ਹਾ ਖੋਗਿਆਨੀ ਨੇ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਹਮਲੇ ਵਿੱਚ ਕਿਸੇ ਨਾਗਰਿਕ ਦੀ ਜਾਨ ਨਹੀਂ ਗਈ।
ਅਮਰੀਕਾ ਦਾ ਕਹਿਣਾ ਹੈ ਕਿ ਅਫਗਾਨਿਸਤਾਨ ‘ਚ ਆਈ ਐੱਸ ਦੇ 600 ਤੋਂ 800 ਲੜਾਕੇ ਮੌਜੂਦ ਹਨ ਅਤੇ ਜ਼ਿਆਦਾ ਲੜਾਕੇ ਨੰਗਰਹਰ ‘ਚ ਹਨ। ਅਮਰੀਕਾ ਉਨ੍ਹਾਂ ਨਾਲ ਲੜ ਰਿਹਾ ਹੈ ਅਤੇ ਤਾਲਿਬਾਨ ਦੇ ਖਿਲਾਫ ਸੰਘਰਸ਼ ਵਿੱਚ ਅਫਗਾਨ ਸਰਕਾਰ ਦੀ ਮਦਦ ਕਰ ਰਿਹਾ ਹੈ। ਸਥਾਨਕ ਬਲਾਂ ਨੂੰ ਸਿਖਿਅਤ ਕਰਨ ਅਤੇ ਅੱਤਵਾਦ ਵਿਰੋਧੀ ਆਪਰੇਸ਼ਨਾਂ ਨੂੰ ਅੰਜ਼ਾਮ ਦੇਣ ਲਈ ਅਮਰੀਕਾ ਦੇ ਕਰੀਬ 8000 ਸੈਨਿਕ ਅਫਗਾਨਿਸਤਾਨ ਵਿੱਚ ਤੈਨਾਤ ਹਨ।