ਅਮਰੀਕੀ ਫੌਜ ‘ਚ ਭਰਤੀ ਲਈ ਝੂਠੀ ਜਾਣਕਾਰੀ ਦੇਣ ਉੱਤੇ ਭਾਰਤੀ ਨੂੰ ਪੰਜ ਸਾਲ ਕੈਦ


ਵਾਸ਼ਿੰਗਟਨ, 6 ਜੂਨ (ਪੋਸਟ ਬਿਊਰੋ)- ਹਿੰਦੂ ਤੋਂ ਇਸਲਾਮ ਧਰਮ ਧਾਰਨ ਕਰਨ ਵਾਲੇ ਇਕ ਭਾਰਤੀ ਨੂੰ ਅਮਰੀਕੀ ਫੌਜ ‘ਚ ਭਰਤੀ ਹੋਣ ਲਈ ਪਾਸਪੋਰਟ ਤੇ ਹੋਰ ਝੂਠੀ ਜਾਣਕਾਰੀ ਦੇਣ ਕਾਰਨ ਪੰਜ ਸਾਲ ਜੇਲ੍ਹ ਭੇਜਿਆ ਗਿਆ ਹੈ।
ਅਮਰੀਕੀ ਨਿਆਂ ਵਿਭਾਗ ਨੇ ਦੱਸਿਆ ਕਿ ਇਸਲਾਮਿਕ ਸਟੇਟ ਅੱਤਵਾਦੀ ਗਰੁੱਪ ਦੇ ਸਮਰਥਕ ਸ਼ਿਵਮ ਪਟੇਲ ਨੇ ਜਾਂਚ ਏਜੰਸੀ ਐਫ ਬੀ ਆਈ ਦੇ ਅੰਡਰਕਵਰ ਮੁਲਾਜ਼ਮ ਨੂੰ ਦੱਸਿਆ ਕਿ ਉਹ ਜਿਹਾਦ ਕਰਨਾ ਚਾਹੁੰਦਾ ਹੈ। ਉਨ੍ਹਾਂ ਪ੍ਰੈਸ ਨੂੰ ਜਾਰੀ ਬਿਆਨ ‘ਚ ਕਿਹਾ ਕਿ ਵੀਲੀਅਮਜ਼ਬਰਗ, ਵਰਜੀਨੀਆ ਦੇ ਵਿਅਕਤੀ ਨੂੰ ਕੱਲ੍ਹ ਅਮਰੀਕੀ ਫੌਜ ਵਿੱਚ ਭਰਤੀ ਹੋਣ ਲਈ ਬਿਨੈਕਾਰ ਅਰਜ਼ੀ ‘ਤੇ ਪਾਸਪੋਰਟ ਤੇ ਹੋਰ ਝੂਠੀ ਜਾਣਕਾਰੀ ਦੇਣ ਲਈ ਪੰਜ ਸਾਲ ਦੀ ਸਜ਼ਾ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਪਟੇਲ ਨੂੰ ਚਾਰ ਹਜ਼ਾਰ ਅਮਰੀਕੀ ਡਾਲਰ ਜੁਰਮਾਨਾ ਵੀ ਭੁਗਤਣਾ ਪਵੇਗਾ।
ਸਰਕਾਰੀ ਵਕੀਲ ਅਤੇ ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਇਕ ਅਖਬਾਰ ਨੇ ਦੱਸਿਆ ਕਿ ਪਟੇਲ ਵੱਲੋਂ ਇਸਲਾਮ ਕਬੂਲਣ ਤੋਂ ਪਹਿਲਾਂ ਉਹ ਹਿੰਦੂ ਧਰਮ ਦਾ ਪ੍ਰਚਾਰ ਕਰਦਾ ਸੀ। ਪਟੇਲ ਨੇ ਵਰਜੀਨੀਆ ਸਟੇਟ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ ਹੋਈ ਹੈ ਤੇ ਉਹ ਜੁਲਾਈ 2016 ‘ਚ ਅੰਗਰੇਜ਼ੀ ਸਿਖਾਉਣ ਲਈ ਚੀਨ ਗਿਆ ਸੀ, ਜਿਥੇ ਦੇਸ਼ ਵਿੱਚ ਮੁਸਲਮਾਨਾਂ ਨਾਲ ਹੋ ਰਹੇ ਮਾੜੇ ਵਤੀਰੇ ਤੋਂ ਉਹ ਨਾਖੁਸ਼ ਸੀ। ਪਟੇਲ ਦੇ ਮਾਲਕ ਨੇ ਉਸ ਨੂੰ ਅਗਸਤ 2016 ਵਿੱਚ ਵਾਪਸ ਵਰਜੀਨੀਆ ਭੇਜ ਦਿੱਤਾ, ਪਰ ਉਹ ਉਥੇ ਜਾਣ ਦੀ ਥਾਂ ਜੋਰਡਨ ਚਲਾ ਗਿਆ, ਜਿਥੇ ਉਸ ਨੂੰ ਕੁਝ ਦਿਨਾਂ ਬਾਅਦ ਅਣਦੱਸੇ ਕਾਰਨਾਂ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਪਟੇਲ ਜੋਰਡਨ ‘ਚ ਟੈਕਸੀ ਡਰਾਈਵਰ ਤੇ ਹੋਰਾਂ ਨੂੰ ਕਹਿੰਦਾ ਸੀ ਕਿ ਉਹ ਇਸਲਾਮਕ ਸਟੇਟ ਦਾ ਸਮਰਥਕ ਹੈ।
ਪਟੇਲ ਨੇ ਇਕ ਅੰਡਰਕਵਰ ਮੁਲਾਜ਼ਮ ਤੇ ਇਕ ਗੁਪਤ ਸੂਤਰ ਨੂੰ ਦੱਸਿਆ ਕਿ ਉਹ ਮੁਸਲਿਮ ਫੌਜ ‘ਚ ਭਰਤੀ ਹੋ ਕੇ ਜਿਹਾਦ ਕਰਨਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਜੋਰਡਨ ‘ਚ ਮੁਸਲਿਮ ਸੋਚ ਨਾਲ ਜੁੜ ਕੇ ਕੁਝ ਵੱਡਾ, ਵਧੀਆ ਤੇ ਜ਼ਿਆਦਾ ਕਰਨਾ ਚਾਹੁੰਦਾ ਸੀ। ਜਦੋਂ ਪਟੇਲ ਦੇ ਕੰਪਿਊਟਰ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਨੇ ਚੀਨ ਛੱਡਣ ਤੋਂ ਪਹਿਲਾਂ ਇਹ ਜਾਣਕਾਰੀ ਹਾਸਲ ਕੀਤੀ ਸੀ ਕਿ ਕਿਸ ਤਰ੍ਹਾਂ ਨਾਲ ਇਸਲਾਮ ਸਟੇਟ ‘ਚ ਦਾਖਲ ਹੋ ਸਕਦੇ ਹਾਂ। ਇਸ ਤੋਂ ਬਾਅਦ ਉਸ ਨੇ ਅਮਰੀਕੀ ਥਲ ਸੈਨਾ ਅਤੇ ਹਵਾਈ ਸੈਨਾ ਵਿੱਚ ਭਰਤੀ ਹੋਣ ਲਈ ਅਰਜ਼ੀ ਦਿੱਤੀ। ਜਦੋਂ ਉਸ ਕੋਲੋਂ ਵਿਦੇਸ਼ ਯਾਤਰਾ ਦੀ ਜਾਣਕਾਰੀ ਮੰਗੀ ਗਈ ਤਾਂ ਉਸ ਨੇ ਆਪਣੇ ਚੀਨ ਤੇ ਜੋਰਡਨ ਯਾਤਰਾ ਬਾਰੇ ਨਹੀਂ ਦੱਸਿਆ। ਇਸ ਤੋਂ ਬਾਅਦ ਉਸ ਨੇ ਆਪਣਾ ਪਾਸਪੋਰਟ ਜਾਣਬੁੱਝ ਕੇ ਕਿੱਧਰੇ ਸੁੱਟ ਦਿੱਤਾ ਤੇ ਉਸ ਦੀ ਜਗ੍ਹਾ ਨਵਾਂ ਪਾਸਪੋਰਟ ਬਣਾਉਣ ਲਈ ਅਰਜ਼ੀ ਦੇ ਦਿੱਤੀ। ਪਰ ਅਮਰੀਕੀ ਐਫ ਬੀ ਆਈ ਏਜੰਟ ਨੂੰ ਉਸ ਦਾ ਅਸਲ ਪਾਸਪੋਰਟ ਮਿਲ ਗਿਆ ਅਤੇ ਇਸ ਤੋਂ ਬਾਅਦ ਸਾਰੀ ਸੱਚਾਈ ਸਾਹਮਣੇ ਆ ਗਈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।