ਅਮਰੀਕੀ ਨਾਗਰਿਕਾਂ ਨੂੰ ਪਾਕਿਸਤਾਨ ਜਾਣ ਤੋਂ ਬਚਣ ਲਈ ਹਦਾਇਤ


ਵਾਸ਼ਿੰਗਟਨ, 11 ਜਨਵਰੀ, (ਪੋਸਟ ਬਿਊਰੋ)- ਅਮਰੀਕਾ ਨੇ ਅਪਣੇ ਨਾਗਰਿਕਾਂ ਲਈ ਬੁਧਵਾਰ ਨੂੰ ਟੂਰ ਐਡਵਾਈਜ਼ਰੀ ਜਾਰੀ ਕੀਤੀ ਹੈ ਤਾਂ ਇਸ ਵਿੱਚ ਭਾਰਤ ਦਾ ਨਾਂ ਵੀ ਹੈ। ਭਾਰਤ ਨੂੰ ਦੂਸਰੇ ਗਰੇਡ ਅਤੇ ਪਾਕਿਸਤਾਨ ਨੂੰ ਤੀਜੇ ਉੱਤੇ ਰਖਿਆ ਗਿਆ ਹੈ, ਜਦ ਕਿ ਚੌਥੇ ਖਤਰਨਾਕ ਗਰੇਡ ਵਿੱਚ ਅਫ਼ਗ਼ਾਨਿਸਤਾਨ ਵਰਗੇ ਦੇਸ਼ ਹਨ।
ਟੂਰ ਐਡਵਾਈਜ਼ਰੀ ਜਾਰੀ ਕਰਦਿਆਂ ਅਮਰੀਕਾ ਨੇ ਕਿਹਾ ਹੈ ਕਿ ਭਾਰਤ ਵਿੱਚ ਯਾਤਰਾ ਕਰਦੇ ਸਮੇਂ ਕੁਝ ਚੌਕਸੀ ਰੱਖਣ ਦੀ ਲੋੜ ਹੈ, ਪਰ ਪਾਕਿਸਤਾਨ ਜਾਣ ਬਾਰੇ ਮੁੜ-ਵਿਚਾਰ ਦੀ ਸਲਾਹ ਦਿਤੀ ਗਈ ਹੈ। ਅਫ਼ਗ਼ਾਨਿਸਤਾਨ ਆਦਿ ਦੇਸ਼ਾਂ ਦੀ ਯਾਤਰਾ ਬਿਲਕੁਲ ਨਾ ਕਰਨ ਦੀ ਸਲਾਹ ਦਿਤੀ ਗਈ ਹੈ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਜੰਮੂ-ਕਸ਼ਮੀਰ ਨਾ ਜਾਣ ਲਈ ਵੀ ਕਿਹਾ ਹੈ। ਇਸ ਟੂਰ ਐਡਵਾਈਜ਼ਰੀ ਵਿੱਚ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਭਾਰਤ ਵਿਚ ਬਲਾਤਕਾਰ, ਹਿੰਸਕ ਜੁਰਮਾਂ ਅਤੇ ਅੱਤਵਾਦੀ ਘਟਨਾਵਾਂ ਵਿੱਚ ਵਾਧੇ ਤੋਂ ਆਪਣੇ ਨਾਗਰਿਕਾਂ ਨੂੰ ਸੁਚੇਤ ਕੀਤਾ ਤੇ ਉਨ੍ਹਾਂ ਨੂੰ ਭਾਰਤ ਵਿੱਚ ਯਾਤਰਾ ਕਰਨ ਵੇਲੇ ਬਹੁਤ ਜ਼ਿਆਦਾ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਵਿਭਾਗ ਵਲੋਂ ਕਲ ਇਥੇ ਜਾਰੀ ਚਿਤਾਵਨੀ ਵਿੱਚ ਔਰਤ ਨਾਗਰਿਕਾਂ ਨੂੰ ਭਾਰਤ ਵਿਚ ਕਿਤੇ ਵੀ ਇਕੱਲੀਆਂ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ।
ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਹਰ ਦੇਸ਼ ਦੀ ਅਪਣੀ ਟੂਰ ਐਡਵਾਈਜ਼ਰੀ ਹੁੰਦੀ ਹੈ, ਜੋ ਪੁਰਾਣੇ ਨਿਯਮਾਂ ਵਿੱਚ ਲੋੜ ਮੁਤਾਬਕ ਬਦਲੀ ਜਾਂਦੀ ਹੈ। ਇਸ ਤਰ੍ਹਾਂ ਦੇ ਬਦਲਾਵਾਂ ਨਾਲ ਅਮਰੀਕੀ ਨਾਗਰਿਕਾਂ ਨੂੰ ਦੁਨੀਆ ਦੇ ਦੇਸ਼ਾਂ ਦੀ ਜਾਣਕਾਰੀ ਦਿਤੀ ਜਾਂਦੀ ਹੈ। ਤਾਜ਼ਾ ਟੂਰ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਨਾਗਰਿਕਾਂ ਨੂੰ ਭਾਰਤ-ਪਾਕਿ ਸਰਹੱਦ ਦੇ 10 ਮੀਲ ਦੇ ਖੇਤਰ ਵਿੱਚ ਨਹੀਂ ਜਾਣਾ ਚਾਹੀਦਾ, ਕਿਉਂਕਿ ਉਥੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਝਗੜੇ ਚੱਲ ਰਹੇ ਹਨ। ਅਮਰੀਕੀ ਨਾਗਰਿਕਾਂ ਨੂੰ ਕਿਹਾ ਗਿਆ ਕਿ ਉਹ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵੱਲ ਨੂੰ ਨਾ ਜਾਣ, ਕਿਉਂਕਿ ਇਹ ਸੰਵੇਦਨਸ਼ੀਲ ਖੇਤਰ ਹੈ, ਜਿਥੇ ਗੋਲੀਬਾਰੀ ਹੁੰਦੀ ਰਹਿੰਦੀ ਹੈ। ਪਿਛਲੇ 6 ਮਹੀਨਿਆਂ ਵਿੱਚ ਪਾਕਿਸਤਾਨ ਵਿੱਚ 40 ਅਤਿਵਾਦੀ ਹਮਲੇ ਹੋਏ ਹਨ, ਜਿਸ ਵਿੱਚ 225 ਲੋਕਾਂ ਦੀ ਮੌਤ ਹੋਈ ਅਤੇ 475 ਜ਼ਖ਼ਮੀ ਹੋਏ ਹਨ।