ਅਮਰੀਕੀ ਜਰਨੈਲ ਨੇ ਕਿਹਾ: ਐਟਮੀ ਜੰਗ ਲਈ ਟਰੰਪ ਦਾ ਗੈਰ ਕਾਨੂੰਨੀ ਹੁਕਮ ਅਸੀਂ ਨਹੀਂ ਮੰਨਾਂਗੇ


ਵਾਸ਼ਿੰਗਟਨ, 19 ਨਵੰਬਰ, (ਪੋਸਟ ਬਿਊਰੋ)- ਅਮਰੀਕਾ ਤੇ ਉੱਤਰੀ ਕੋਰੀਆ ਵਿਚਾਲੇ ਐਟਮੀ ਜੰਗ ਦਾ ਖਤਰਾ ਲਗਾਤਾਰ ਵਧੀ ਜਾ ਰਿਹਾ ਹੈ, ਪਰ ਇਸੇ ਖਿੱਚੋਤਾਣ ਦੇ ਦੌਰਾਨ ਸ਼ਨੀਵਾਰ ਨੂੰ ਅਮਰੀਕਾ ਦੇ ਇੱਕ ਸਿਖਰਲੇ ਨਿਊਕਲੀਅਰ ਕਮਾਂਡਰ ਜਨਰਲ ਜਾਨ ਹਿਟੇਨ ਦਾ ਹੈਰਾਨ ਕਰਨ ਵਾਲੀ ਬਿਆਨ ਸਾਹਮਣੇ ਆਇਆ ਹੈ।
ਜਨਰਲ ਹਿਟੇਨ ਨੇ ਕੈਨੇਡਾ ਵਿੱਚ ਚੱਲ ਰਹੇ ਹੈਲੀਫੈਕਸ ਇੰਟਨੈਸ਼ਨਲ ਸਕਿਓਰਿਟੀ ਫੋਰਮ ਵਿੱਚ ਕਿਹਾ ਹੈ ਕਿ ਜੇ ਉਨ੍ਹਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨਿਊਕਲੀਅਰ ਹਮਲੇ ਦਾ ਕੋਈ ਗੈਰ ਕਾਨੂੰਨੀ ਹੁਕਮ ਆਵੇਗਾ ਤਾਂ ਉਹ ਮੰਨਣ ਨੂੰ ਵਚਨਬੱਧ ਨਹੀਂ, ਭਾਵ ਕਿ ਉਹ ਹੁਕਮ ਠੁਕਰਾਇਆ ਜਾ ਸਕਦਾ ਹੈ। ਇੰਨਾਂ ਹੀ ਨਹੀਂ ਹਿਟੇਨ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਗੈਰ ਕਾਨੂੰਨੀ ਹੁਕਮ ਦਾ ਪਾਲਣ ਕਰਦਾ ਹੈ ਤਾਂ ਉਸ ਦੇ ਲਈ ਸਿਰਫ ਇਕ ਹੀ ਥਾਂ ਹੈ ਅਤੇ ਉਹ ਹੈ ਜੇਲ।
ਇਸ ਫੋਰਮ ਵਿੱਚ ਨਿਊਕਲੀਅਰ ਹਮਲੇ ਬਾਰੇ ਚੁੱਕੇ ਗਏ ਇਕ ਸਵਾਲ ਦੇ ਜਵਾਬ ਵਿੱਚ ਜਨਰਲ ਹਿਟੇਨ ਨੇ ਕਿਹਾ ਕਿ ਅਜਿਹੇ ਕਿਸੇ ਵੀ ਹੁਕਮ ਉੱਤੇ ਹਮਲਾ ਸੋਚ-ਸਮਝ ਕੇ ਕੀਤਾ ਜਾਂਦਾ ਹੈ। ਇਹੋ ਨਹੀਂ, ਅਜਿਹੀ ਸਥਿਤੀ ਨਾਲ ਨਿਪਟਣ ਦੇ ਕਈ ਤਰੀਕੇ ਹੁੰਦੇ ਹਨ। ਜਨਰਲ ਹਿਟੇਨ ਮੁਤਾਬਕ ਜੇ ਨਿਊਕਲੀਅਰ ਹਮਲੇ ਦਾ ਹੁਕਮ ਗੈਰ ਕਾਨੂੰਨੀ ਹੋਵੇਗਾ ਤਾਂ ਉਹ ਟਰੰਪ ਨੂੰ ਇਸ ਦੀ ਪੂਰੀ ਜਾਣਕਾਰੀ ਦੇਣਗੇ ਅਤੇ ਰਾਸ਼ਟਰਪਤੀ ਨੂੰ ਅਜਿਹੀ ਸਥਿਤੀ ਨਾਲ ਨਜਿੱਠਣ ਦਾ ਸਹੀ ਰਸਤਾ ਵੀ ਦੱਸਣਗੇ। ਹਿਟੇਨ ਨੇ ਕਿਹਾ ਕਿ ਕਿਉਂਕਿ ਉਹ ਸਟ੍ਰੈਟਜਿਕ ਕਮਾਂਡ ਦੇ ਹੈੱਡ ਹਨ, ਇਸ ਲਈ ਇਹ ਉਨ੍ਹਾਂ ਦੀ ਜ਼ਿੰਮੇਦਾਰੀ ਹੈ ਕਿ ਉਹ ਅਜਿਹੀ ਕਿਸੇ ਵੀ ਸਥਿਤੀ ਵਿੱਚ ਟਰੰਪ ਨੂੰ ਸਲਾਹ ਦੇਣ।