ਅਮਰੀਕੀ ਗੁਰਦੁਆਰਿਆਂ ਵਿੱਚ ਵੀ ਭਾਰਤੀ ਅਧਿਕਾਰੀਆਂ ਦਾ ਦਾਖ਼ਲਾ ਰੋਕਣ ਦਾ ਐਲਾਨ


ਅੰਮ੍ਰਿਤਸਰ, 8 ਜਨਵਰੀ, (ਪੋਸਟ ਬਿਊਰੋ)- ਬ੍ਰਿਟੇਨ ਤੋਂ ਬਾਅਦ ਅਮਰੀਕਾ ਦੇ ਗੁਰਦੁਆਰਿਆਂ ਵਿੱਚ ਭਾਰਤ ਸਰਕਾਰ ਦੇ ਅਧਿਕਾਰੀਆਂ ਦਾ ਦਾਖ਼ਲਾ ਰੋਕਣ ਦੇ ਲਈ ਫੈਸਲਾ ਕਰ ਦਿੱਤਾ ਗਿਆ ਹੈ। ਇਹ ਫੈਸਲਾ ਅਮਰੀਕਾ ਦੇ 96 ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦੀ ‘ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ’ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ਉੱਤੇ ਕੀਤਾ ਹੈ।
ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਹਿੰਮਤ ਸਿੰਘ ਵੱਲੋਂ ਕੀਤੇ ਐਲਾਨ ਮੁਤਾਬਕ ਇਸ ਸਾਂਝੇ ਫ਼ੈਸਲੇ ਨਾਲ ਅਮਰੀਕਾ ਦੇ 96 ਗੁਰਦੁਆਰਿਆਂ ਵਿੱਚ ਭਾਰਤ ਸਰਕਾਰ ਦੇ ਅਧਿਕਾਰੀਆਂ ਅਤੇ ਪ੍ਰਤੀਨਿਧਾਂ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਨਗਰ ਕੀਰਤਨ ਜਾਂ ਸਮਾਜਿਕ ਤੇ ਧਾਰਮਿਕ ਸਮਾਗਮਾਂ ਵਿੱਚ ਵੀ ਹਿੱਸਾ ਲੈਣ ਤੋਂ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਜਥੇਬੰਦੀਆਂ ਨੇ ਇਹ ਫੈਸਲਾ ਭਾਰਤ ਸਰਕਾਰ ਦੀਆਂ ਸਿੱਖ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਉੱਤੇ ਫੌਜੀ ਹਮਲਾ ਕੀਤਾ ਗਿਆ, ਨਵੰਬਰ 1984 ਵਿੱਚ ਦੇਸ਼ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਤੇ ਪੰਜਾਬ ਦੇ ਦਰਿਆਈ ਪਾਣੀਆਂ ਅਤੇ ਖੇਤੀਬਾੜੀ ਉਤਪਾਦਨਾਂ ਦਾ ਲਗਾਤਾਰ ਸ਼ੋਸ਼ਣ ਹੋ ਰਿਹਾ ਹੈ। ਹਿੰਮਤ ਸਿੰਘ ਨੇ ਕਿਹਾ ਕਿ ਭਾਰਤੀ ਜੇਲ੍ਹਾਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਦੀ ਸਜ਼ਾ ਪੂਰੀ ਹੋਣ ਪਿੱਛੋਂ ਵੀ ਰਿਹਾਈ ਨਹੀਂ ਹੋ ਰਹੀ, ਸਿੱਖ ਨੌਜਵਾਨਾਂ ਦੀਆਂ ਗੈਰਕਾਨੂੰਨੀ ਗ੍ਰਿਫ਼ਤਾਰੀਆਂ ਤੇ ਪੁਲੀਸ ਵੱਲੋਂ ਅਣਮਨੁੱਖੀ ਤਸ਼ੱਦਦ ਦਾ ਦੌਰ ਵੀ ਜਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਰ ਐਸ ਐਸ ਦੇ ਹਿੰਦੂਤਵੀ ਏਜੰਡੇ ਨੂੰ ਕੇਂਦਰ ਦੀ ਭਾਜਪਾ ਸਰਕਾਰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਦੇ ਮੁਤਾਬਕ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਇਹ ਫੈਸਲਾ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਖ ਫੇਡਰੇਸ਼ਨ ਯੂ ਕੇ ਵੱਲੋਂ ਇੰਗਲੈਂਡ ਦੇ ਗੁਰਦੁਆਰਿਆਂ ਵਿੱਚ ਭਾਰਤੀ ਡਿਪਲੋਮੇਟਾਂ ਦੇ ਦਾਖਲੇ ਉੱਤੇ ਰੋਕ ਲਾਏ ਜਾਣ ਦਾ ਭਾਰਤੀ ਹਾਈ ਕਮਿਸ਼ਨ ਨੇ ਵਿਰੋਧ ਕੀਤਾ ਸੀ। ਭਾਰਤੀ ਅਧਿਕਾਰੀਆਂ ਨੇ ਸਾਊਥ ਹਾਲ ਦੇ ਗੁਰਦੁਆਰਾ ਸਾਹਿਬ ਦਾ ਦੌਰਾ ਕਰਕੇ ਸਿੱਖ ਆਗੂਆਂ ਨਾਲ ਮੁਲਾਕਾਤ ਵੀ ਕੀਤੀ ਸੀ।