ਅਮਰੀਕੀ ਔਰਤ ਦੇ ਪੇਟ ਵਿੱਚੋਂ 60 ਕਿੱਲੋ ਦਾ ਟਿਊਮਰ ਕੱਢਿਆ ਗਿਆ


ਵਾਸ਼ਿੰਗਟਨ, 5 ਮਈ (ਪੋਸਟ ਬਿਊਰੋ)- ਅਮਰੀਕਾ ਦੇ ਕਨੈਕਟੀਕਟ ‘ਚ ਡਾਕਟਰਾਂ ਨੇ 38 ਸਾਲਾ ਮਹਿਲਾ ਦੇ ਪੇਟ ‘ਚੋਂ 60 ਕਿਲੋ ਵਜ਼ਨ ਦਾ ਟਿਊਮਰ ਕੱਢਿਆ ਹੈ। ਇਹ ਟਿਊਮਰ ਮਹਿਲਾ ਦੀ ਖੱਬੀ ਓਵਰੀ ‘ਚ ਫਲ ਰਿਹਾ ਸੀ।
ਪਤਾ ਲੱਗਾ ਹੈ ਕਿ ਡੈਨਬਰੀ ਹਸਪਤਾਲ ‘ਚ ਇਸ ਸਾਲ 14 ਫਰਵਰੀ ਨੂੰ ਪੰਜ ਘੰਟੇ ਤੱਕ ਚੱਲੇ ਆਪਰੇਸ਼ਨ ‘ਚ 12 ਸਰਜਨਾਂ ਦੀ ਟੀਮ ਨੇ ਟਿਊਮਰ ਨੂੰ ਪੂਰੀ ਤਰ੍ਹਾਂ ਕੱਢਣ ‘ਚ ਸਫਲਤਾ ਹਾਸਲ ਕੀਤੀ। ਪੇਸ਼ੇ ਤੋਂ ਟੀਚਰ ਇਹ ਮਹਿਲਾ ਇਸ ਦੇ ਬਾਅਦ ਪੂਰੀ ਤਰ੍ਹਾਂ ਠੀਕ ਹੈ ਤੇ ਫਿਰ ਸਕੂਲ ਜਾਣ ਲੱਗੀ ਹੈ। ਡਾਕਟਰਾਂ ਨੇ ਦੱਸਿਆ ਕਿ ਪਿਛਲੇ ਸਾਲ ਨਵੰਬਰ ਵਿੱਚ ਮਰੀਜ਼ ਦਾ ਟਿਊਮਰ ਹਰ ਹਫਤੇ ਕਰੀਬ 10 ਪੌਂਡ (ਸਾਢੇ ਚਾਰ ਕਿੱਲੋ) ਦੀ ਗਤੀ ਨਾਲ ਵਧਣ ਲੱਗਾ ਸੀ ਅਤੇ ਇਹ ਕਰੀਬ ਤਿੰਨ ਫੁੱਟ ਵੱਡਾ ਹੋ ਗਿਆ। ਉਨ੍ਹਾਂ ਨੂੰ ਤੁਰਨ ਫਿਰਨ ਲਈ ਵ੍ਹੀਲ ਚੇਅਰ ਦਾ ਸਹਾਰਾ ਲੈਣਾ ਪਿਆ। ਮਹਿਲਾ ਦੀ ਸਰਜਰੀ ਕਰਨ ਵਾਲੇ ਪ੍ਰਮੁੱਖ ਡਾਕਟਰ ਵਾਗਨ ਅੰਦਿਕਯਾਨ ਨੇ ਕਿਹਾ, ‘ਓਵਰੀ ਦੇ ਟਿਊਮਰ ਆਮ ਤੌਰ ‘ਤੇ ਵੱਡੇ ਹੁੰਦੇ ਹਨ, ਪਰ ਏਨਾ ਵੱਡਾ ਟਿਊਮਰ ਅਨੋਖਾ ਮਾਮਲਾ ਹੈ।’ ਸਰਜਰੀ ਨਾਲ ਜੁੜੇ ਆਪਣੇ ਤਜਰਬੇ ਨੂੰ ਸਾਂਝਾ ਕਰਦਿਆਂ ਅਦਿਕਯਾਨ ਨੇ ਕਿਹਾ ਕਿ ਜਦੋਂ ਉਹ ਔਰਤ ਸਾਡੇ ਕੋਲ ਆਈ ਤਾਂ ਕਾਫੀ ਕਮਜ਼ੋਰ ਸੀ ਕਿਉਂਕਿ ਟਿਊਮਰ ਨੇ ਉਨ੍ਹਾਂ ਦੇ ਸਿਸਟਮ ਨੂੰ ਬਲਾਕ ਕਰ ਦਿੱਤਾ ਸੀ। ਇਸ ਟਿਊਮਰ ਨੂੰ ਹਟਾਉਂਦੇ ਸਮੇਂ ਸਾਨੂੰ ਸਾਵਧਾਨੀ ਵਰਤਣੀ ਪੈਣੀ ਸੀ, ਕਿਉਂਕਿ ਮਰੀਜ਼ ਆਪਣੇ ਜਣਨ ਅੰਗ ਸੁਰੱਖਿਅਤ ਰੱਖਣਾ ਚਾਹੁੰਦੀ ਸੀ। ਸਾਨੂੰ ਖੁਸ਼ੀ ਹੈ ਕਿ ਅਸੀਂ ਇਸ ‘ਚ ਸਫਲ ਰਹੇ।