ਅਮਰੀਕੀ ਐਵਾਰਡ ਲਈ ਪਾਕਿਸਤਾਨੀ ਹਿੰਦੂ ਮੁੰਡੇ ਦੀ ਚੋਣ

pakistani hinidu
ਵਾਸ਼ਿੰਗਟਨ, 20 ਅਪ੍ਰੈਲ (ਪੋਸਟ ਬਿਊਰੋ)- ਪਾਕਿਸਤਾਨ ਦੇ ਇਕ ਹਿੰਦੂ ਨੌਜਵਾਨ ਨੂੰ ਅਮਰੀਕਾ ਦੇ ਇਮਰਜਿੰਗ ਯੰਗ ਲੀਡਰਸ ਐਵਾਰਡ ਦੇ ਲਈ ਚੁਣਿਆ ਗਿਆ ਹੈ। ਇਹ ਐਵਾਰਡ ਅਮਰੀਕਾ ਦੇ ਵਿਦੇਸ਼ ਮੰਤਰਾਲੇ ਵੱਲੋਂ ਆਰਜ਼ੀ ਸ਼ਾਂਤੀ ਕਾਇਮ ਕਰਨ ਵਿੱਚ ਨੌਜਵਾਨਾਂ ਦੀ ਹਾਂ-ਪੱਖੀ ਭੂਮਿਕਾ ਲਈ ਦਿੱਤਾ ਜਾਂਦਾ ਹੈ।
ਪਾਕਿਸਤਾਨ ਦੇ ਰਾਜ ਕੁਮਾਰ ਇਸ ਸੰਸਾਰ ਦੇ ਉਨ੍ਹਾਂ 10 ਨੌਜਵਾਨਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਇਮਰਜਿੰਗ ਯੰਗ ਲੀਡਰਸ ਐਵਾਰਡ ਦੇਣ ਲਈ ਚੁਣਿਆ ਗਿਆ ਹੈ। ਇਸ ਐਵਾਰਡ ਲਈ ਮਾਲਟਾ ਸ੍ਰੀਲੰਕਾ, ਅਫਗਾਨਿਸਤਾਨ, ਅਲਜੀਰੀਆ, ਤਾਜਿਕਸਤਾਨ, ਬੈਲਜੀਅਮ, ਵੀਅਤਨਾਮ, ਪੇਰੂ ਤੇ ਇਜ਼ਰਾਈਲ ਦੇ ਨੌਜਵਾਨ ਚੁਣੇ ਗਏ ਹਨ। ਵਿਦੇਸ਼ ਮੰਤਰਾਲੇ ਨੇ ਬੀਤੇ ਦਿਨੀਂ ਬਿਆਨ ਜਾਰੀ ਕੀਤਾ ਕਿ ਪੁਰਸਕਾਰ ਲਈ ਚੁਣੇ ਗਏ ਨੌਜਵਾਨ 30 ਅਪ੍ਰੈਲ ਤੋਂ 13 ਮਈ ਤੱਕ ਅਮਰੀਕਾ ਦੀ ਯਾਤਰਾ ਕਰਨਗੇ। ਇਸ ਦੌਰਾਨ ਉਨ੍ਹਾਂ ਦੀ ਅਗਵਾਈ ਦੀ ਸਮਰੱਥਾ ਤਰਾਸ਼ਣ, ਮੈਨੇਜਮੈਂਟ ਗਿਆਨ ਵਧਾਉਣ, ਸਿੱਖਣ ਤੇ ਸਾਂਝਾ ਕਰਨ ਦੇ ਪੱਖ ਤੋਂ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਰਾਜ ਕੁਮਾਰ ਨੇ 2013 ਵਿੱਚ ਵਿਦੇਸ਼ ਮੰਤਰਾਲੇ ਦੇ ਗਲੋਬਲ ਅੰਡਰ ਗ੍ਰੈਜੂਏਟ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ। ਉਹ ਪਾਕਿ-ਅਮਰੀਕਾ ਅਲੂਮਨੀ ਨੈਟਵਰਕ ਦੇ ਸਰਗਰਮ ਮੈਂਬਰ ਬਣ ਗਏ ਅਤੇ ਇਸ ਨੈਟਵਰਕ ‘ਚ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਕੀਤੀ ਹੈ।