ਅਮਰੀਕੀ ਉੱਪ ਰਾਸ਼ਟਰਪਤੀ ਦਾ ਸਲਾਹਕਾਰ ਵੀ ਅਹੁਦਾ ਛੱਡ ਗਿਆ


ਵਾਸ਼ਿੰਗਟਨ, 16 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਨਵੇਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਲਰਨਰ ਨੇ ਨਿਯੁਕਤ ਹੋਣ ਦੇ ਦੋ ਦਿਨਾਂ ਬਾਅਦ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਰਨਰ ਨੇ ਕੱਲ੍ਹ ਰਾਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਸ਼ੁੱਕਰਵਾਰ ਰਾਤ ਨੂੰ ਕੀਤਾ ਗਿਆ ਸੀ। ਉਹ ਯੂ ਐੱਨ ਓ ਵਿੱਚ ਅਮਰੀਕੀ ਰਾਜਦੂਤ ਨਿੱਕੀ ਹੈਲੀ ਦੇ ਉੱਚ ਸਹਾਇਕ ਹੁੰਦੇ ਸਨ। ਉਪ ਰਾਸ਼ਟਰਪਤੀ ਦੇ ਦਫਤਰ ਨੇ ਸ਼ੁੱਕਰਵਾਰ ਕਿਹਾ ਸੀ ਕਿ ਲਰਨਰ ਵਿਦੇਸ਼ੀ ਨੀਤੀ ਮਸਲਿਆਂ ਦੇ ਸੀਨੀਅਰ ਸਲਾਹਕਾਰ ਹੋਣਗੇ, ਪਰ ਐਤਵਾਰ ਰਾਤ ਇਕ ਨਵਾਂ ਬਿਆਨ ਜਾਰੀ ਕੀਤਾ ਗਿਆ ਕਿ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਅਸਲ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਨ੍ਹਾਂ ਦੇ ਸਟਾਫ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਸੀ ਕਿ ਨਵੇਂ ਸਲਾਹਕਾਰ ਟਰੰਪ ਵਿਰੋਧੀ ਯਾਨੀ ‘ਨੈਵਰ ਟਰੰਪਰ’ ਹਨ। ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ 2016 ਵਿੱਚ ਲਰਨਰ ਨੇ ਪਾਰਟੀ ਉਮੀਦਵਾਰ ਵਜੋਂ ਰੀਪਬਲਿਕਨ ਪਾਰਲੀਮੈਂਟ ਮੈਂਬਰ ਮਾਰਕੋ ਰੂਬੀਓ ਦੇ ਨਾਂ ਦਾ ਸਮਰਥਨ ਕੀਤਾ ਸੀ। ਇਸ ਜਾਣਕਾਰੀ ਬਾਰੇ ਇੱਕ ਵੈੱਬਸਾਈਟ ਨੇ ਦੱਸਿਆ ਹੈ ਕਿ ਡੋਨਾਲਡ ਟਰੰਪ ਨੇ ਆਪਣੇ ‘ਚੀਫ ਆਫ ਸਟਾਫ’ ਜਾਨ ਕੈਲੀ ਨੂੰ ਲਰਨਰ ਦੀ ਨਿਯੁਕਤੀ ਰੱਦ ਕਰਨ ਲਈ ਕਿਹਾ ਸੀ।