ਅਮਰੀਕੀ ਅੰਬੈਸੀ ਖੁੱਲ੍ਹਣ ਪਿੱਛੋਂ ਗਾਜ਼ਾ ਸਰਹੱਦ ਉੱਤੇ ਮੌਤਾਂ ਦੀ ਗਿਣਤੀ 55 ਹੋਈ


ਗਾਜ਼ਾ ਸਿਟੀ, 15 ਮਈ, (ਪੋਸਟ ਬਿਊਰੋ)- ਹਜ਼ਾਰਾਂ ਲੋਕਾਂ ਵੱਲੋਂ ਫਲਸਤੀਨ ਦੀ ਗਾਜ਼ਾ ਸਰਹੱਦ ਕੋਲ ਕੀਤੇ ਮੁਜ਼ਾਹਰੇ ਉੱਤੇ ਇਸਰਾਈਲੀ ਫੌਜੀਆਂ ਵੱਲੋਂ ਚਲਾਈ ਗੋਲੀ ਨਾਲ ਮਰਨ ਵਾਲਿਆਂ ਦੀ ਗਿਣਤੀ 55 ਹੋ ਗਈ ਹੈ। ਇਸ ਦੌਰਾਨ ਕਰੀਬ 1200 ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਇਹ ਮੁਜ਼ਾਹਰਾ ਯੇਰੂਸ਼ਲਮ ਵਿੱਚ ਅਮਰੀਕੀ ਦੂਤਘਰ ਖੋਲ੍ਹਣ ਦੇ ਵਿਰੁੱਧ ਰੋਸ ਕਰਨ ਲਈ ਸੀ। ਦੂਜੇ ਪਾਸੇ ਯੇਰੂਸ਼ਲਮ ਵਿੱਚ ਦੂਤਘਰ ਖੁੱਲ੍ਹਣ ਦੇ ਜਸ਼ਨ ਮਨਾਏ ਜਾ ਰਹੇ ਸਨ।
ਵਰਨਣ ਯੋਗ ਹੈ ਕਿ 2014 ਦੀ ਜੰਗ ਤੋਂ ਬਾਅਦ ਇਸ ਸੋਮਵਾਰ ਦਾ ਦਿਨ ਸਰਹੱਦ ਪਾਰਲੀ ਹਿੰਸਾ ਦੇ ਦੌਰ ਦਾ ਸਭ ਤੋਂ ਮਾੜਾ ਦਿਨ ਸਿੱਧ ਹੋਇਆ ਹੈ। ਇਸਰਾਈਲੀ ਫੌਜ ਵੱਲੋਂ ਨਿਹੱਥੇ ਲੋਕਾਂ ਉੱਤੇ ਲੋੜ ਤੋਂ ਵੱਧ ਤਾਕਤ ਵਰਤਣ ਕਾਰਨ ਅੰਤਰਰਾਸ਼ਟਰੀ ਪੱਧਰ ਉੱਤੇ ਆਲੋਚਨਾ ਵੀ ਹੋਈ ਹੈ, ਪਰ ਇਸਰਾਈਲੀ ਫੌਜ ਦਾ ਕਹਿਣਾ ਹੈ ਕਿ ਫਲਸਤੀਨੀ ਰਾਜ ਚਲਾ ਰਹੀ ਹਮਸ ਨੇ ਲੋਕਾਂ ਦੀ ਆੜ ਵਿੱਚ ਬੰਬਾਂ ਤੇ ਫਾਇਰਿੰਗ ਰਾਹੀਂ ਹਮਲਾ ਕੀਤਾ ਹੈ। ਅਮਰੀਕੀ ਦੂਤਘਰ ਦੀ ਨਵੀਂ ਬਣਾਈ ਇਮਾਰਤ ਇਸ ਸਰਹੱਦ ਤੋਂ 50 ਮੀਲ ਦੂਰ ਹੈ। ਇਸ ਦੇ ਉਦਘਾਟਨ ਤੇ ਇਨ੍ਹਾਂ ਹਿੰਸਕ ਘਟਨਾਵਾਂ ਦੇ ਦੌਰਾਨ ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਅਮਰੀਕੀ ਅਧਿਕਾਰੀ ਇਸ ਸਮਾਰੋਹ ਵਿੱਚ ਸਨ।
ਦੂਸਰੇ ਪਾਸੇ ਯੂ ਐੱਨ ਓ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਅਤੇ ਯੂਰਪੀ ਯੂਨੀਅਨ ਵਿਦੇਸ਼ ਨੀਤੀ ਦੇ ਮੁਖੀ ਫੈਡਰਿਕਾ ਮੋਗਾਰਿਨੀ ਨੇ ਇਸਰਾਈਲ ਨੂੰ ਤਾਕਤ ਵਰਤਣ ਬਾਰੇ ਅੰਤਰਰਾਸ਼ਟਰੀ ਨਿਯਮਾਂ ਦੇ ਸਤਿਕਾਰ ਦੀ ਅਪੀਲ ਦੇ ਨਾਲ ਸੰਜਮ ਵਰਤਣ ਨੂੰ ਕਿਹਾ ਅਤੇ ਹਮਸ ਨੂੰ ਵੀ ਕਿਹਾ ਹੈ ਕਿ ਮੁਜ਼ਾਹਰੇ ਸ਼ਾਂਤੀ ਪੂਰਵਕ ਕੀਤੇ ਜਾਣੇ ਚਾਹੀਦੇ ਹਨ।