ਅਮਰੀਕਾ ਹੁਣ ਯੂਨੈਸਕੋ ਵਿੱਚੋਂ ਵੀ ਬਾਹਰ ਨਿਕਲਣ ਲੱਗਾ

unesco
ਪੈਰਿਸ, 12 ਅਕਤੂਬਰ (ਪੋਸਟ ਬਿਊਰੋ)- ਯੁਨਾਈਟਿਡ ਨੇਸ਼ਨਜ਼ ਦੇ ਐਜੂਕੇਸ਼ਨ, ਸਾਇੰਸ ਅਤੇ ਕਲਚਰ ਬਾਰੇ ਸੰਗਠਨ (ਯੂਨੈਸਕੋ) ਤੋਂ ਅਮਰੀਕਾ ਹੁਣ ਵੱਖਰਾ ਹੋਣ ਬਾਰੇ ਸੋਚ ਰਿਹਾ ਹੈ। ਵੱਖ-ਵੱਖ ਦੇਸ਼ਾਂ ਦੇ ਤਿੰਨ ਡਿਪਲੋਮੈਟਾਂ ਦੇ ਅਨੁਸਾਰ ਹੁਣ ਅਮਰੀਕਾ ਅਗਲੇ ਕੁਝ ਦਿਨਾਂ ਵਿੱਚ ਇਸ ਦਾ ਐਲਾਨ ਕਰ ਸਕਦਾ ਹੈ। ਇਸ ਯੂ ਐੱਨ ਸੰਗਠਨ ਨੂੰ ਦਿੱਤੇ ਜਾਣ ਵਾਲੇ ਫੰਡ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਲੋਚਨਾ ਕਰ ਚੁੱਕੇ ਹਨ।
ਵਰਨਣ ਯੋਗ ਹੈ ਕਿ ਯੂਨੈਸਕੋ ਨੂੰ ਅਮਰੀਕਾ ਤੋਂ ਹਰ ਸਾਲ ਅੱਠ ਕਰੋੜ ਡਾਲਰ ਦੀ ਮਦਦ ਮਿਲਦੀ ਹੈ। ਯੂਨੈਸਕੋ ਦਾ ਮੁੱਖ ਦਫ਼ਤਰ ਪੈਰਿਸ ਵਿਚ ਹੈ। ਯੂ ਐੱਨ ਓ ਦਾ ਇਹ ਸੰਗਠਨ 1946 ਤੋਂ ਕੰਮ ਕਰ ਰਿਹਾ ਹੈ ਅਤੇ ਇਸ ਨੂੰ ਵਿਸ਼ਵ ਵਿਰਾਸਤ ਨੂੰ ਨੋਟੀਫਾਈ ਕਰਨ ਲਈ ਜਾਣਿਆ ਜਾਂਦਾ ਹੈ। ਅਮਰੀਕਾ ਨੇ ਸਾਲ 2011 ਵਿਚ ਫਲਸਤੀਨ ਨੂੰ ਯੂਨੈਸਕੋ ਦਾ ਪੂਰੇ ਸਮੇਂ ਦਾ ਮੈਂਬਰ ਬਣਾਉਣ ਦੇ ਫ਼ੈਸਲੇ ਦੇ ਵਿਰੁੱਧ ਇਸ ਦੇ ਬੱਜਟ ਵਿਚ ਆਪਣਾ ਯੋਗਦਾਨ ਨਹੀਂ ਦਿੱਤਾ ਸੀ। ਯੂਨੈਸਕੋ ਤੋਂ ਅਮਰੀਕਾ ਦੇ ਹਟਣ ਬਾਰੇ ਵਿਚ ਪੁੱਛੇ ਜਾਣ ਉੱਤੇ ਸੰਗਠਨ ਵਿਚ ਅਮਰੀਕਾ ਦੇ ਪ੍ਰਤੀਨਿਧ ਅਤੇ ਅਮਰੀਕੀ ਵਿਦੇਸ਼ ਮੰਤਰਾਲੇ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਫਾਰੇਨ ਪਾਲਿਸੀ ਮੈਗਜ਼ੀਨ ਨੇ ਵੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਸੀ ਕਿ 58 ਮੈਂਬਰੀ ਯੂਨੈਸਕੋ ਦੇ ਕਾਰਜਕਾਰੀ ਬੋਰਡ ਵੱਲੋਂ ਸ਼ੁੱਕਰਵਾਰ ਨਵੇਂ ਡਾਇਰੈਕਟਰ ਜਨਰਲ ਦੀ ਚੋਣ ਕੀਤੇ ਜਾਣ ਪਿੱਛੋਂ ਅਮਰੀਕਾ ਇਸ ਤੋਂ ਵੱਖ ਹੋਣ ਦਾ ਐਲਾਨ ਕਰ ਸਕਦਾ ਹੈ।