ਅਮਰੀਕਾ ਹਰ ਨਿੱਕੇ ਵੱਡੇ ਮੁਲਕ ਤੋਂ ਇਮੀਗ੍ਰੈਂਟਸ ਨੂੰ ਪਰਮਿਟ ਨਹੀਂ ਦੇ ਸਕਦਾ : ਟਰੰਪ


ਵਾਸਿ਼ੰਗਟਨ, 11 ਜਨਵਰੀ (ਪੋਸਟ ਬਿਊਰੋ) : ਓਵਲ ਆਫਿਸ ਵਿੱਚ ਕੀਤੀ ਗਈ ਵਿਲੱਖਣ ਗੱਲਬਾਤ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਸਵਾਲ ਕੀਤਾ ਕਿ ਅਮਰੀਕਾ ਨੂੰ ਹਰ ਨਿੱਕੇ ਵੱਡੇ ਮੁਲਕ ਤੋਂ ਇਮੀਗ੍ਰੈਂਟਸ ਨੂੰ ਪਰਮਿਟ ਦੇਣ ਦੀ ਕੀ ਲੋੜ ਹੈ? ਅਫਰੀਕਾ ਤੇ ਹਾਇਤੀ ਤੋਂ ਅਮਰੀਕਾ ਦਾਖਲ ਹੋਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਨਿਯਮਾਂ ਵਿੱਚ ਤਬਦੀਲੀ ਲਈ ਕੁੱਝ ਸੈਨੇਟਰਜ਼ ਵੱਲੋਂ ਪੇਸ਼ ਕੀਤੇ ਗਏ ਪਲੈਨ ਨੂੰ ਟਰੰਪ ਨੇ ਨਕਾਰ ਦਿੱਤਾ।
ਸੈਂਕੜੇ ਨੌਜਵਾਨ ਇਮੀਗ੍ਰੈਂਟਸ ਨੂੰ ਡੀਪੋਰਟ ਕੀਤੇ ਜਾਣ ਤੋਂ ਰੋਕਣ ਲਈ ਇੱਕ ਸਮਝੌਤੇ ਉੱਤੇ ਪਹੁੰਚੇ ਛੇ ਸੈਨੇਟਰਜ਼ ਦੇ ਗਰੁੱਪ ਵੱਲੋਂ ਸੈਨੇਟਰ ਡਿੱਕ ਡਰਬਿਨ ਡੀ-3 ਨੇ ਜਦੋਂ ਪੱਖ ਰੱਖਿਆ ਤਾਂ ਟਰੰਪ ਨੇ ਉਕਤ ਟਿੱਪਣੀ ਕੀਤੀ। ਡਰਬਿਨ ਨੇ ਆਖਿਆ ਕਿ ਇਸ ਸਮਝੌਤੇ ਤਹਿਤ, ਅਫਰੀਕਾ ਤੇ ਹੋਰਨਾਂ ਦੇਸ਼ਾਂ ਦੇ ਲੋਕਾਂ ਨੂੰ ਵੀਜਿ਼ਆਂ ਦੀ ਜਿਹੜੀ ਲਾਟਰੀ ਲੱਗਦੀ ਹੈ ਉਹ ਮੁੱਕ ਜਾਵੇਗੀ। ਡਰਬਿਨ ਨੇ ਆਖਿਆ ਕਿ ਇਸ ਦੀ ਥਾਂ ਉੱਤੇ ਉਨ੍ਹਾਂ ਲੋਕਾਂ ਨੂੰ ਅਮਰੀਕਾ ਰਹਿਣ ਦੀ ਇਜਾਜ਼ਤ ਦੇ ਦਿੱਤੀ ਜਾਣੀ ਚਾਹੀਦੀ ਹੈ ਜਿਹੜੇ ਅਲ ਸੈਲਵਾਡੌਰ, ਗੁਆਟੇਮਾਲਾ ਤੇ ਹਾਇਤੀ ਤੋਂ ਕੁਦਰਤੀ ਆਫਤਾਂ ਵਿੱਚ ਆਪਣਾ ਘਰ ਬਾਰ ਟੁੱਟ ਜਾਣ ਤੋਂ ਬਾਅਦ ਬਚ ਕੇ ਇੱਧਰ ਪਹੁੰਚਦੇ ਹਨ।
ਇਸ ਉੱਤੇ ਟਰੰਪ ਨੇ ਆਖਿਆ ਕਿ ਅਮਰੀਕਾ, ਹਾਇਤੀ ਤੋਂ ਹੋਰ ਲੋਕਾਂ ਨੂੰ ਇੱਧਰ ਕਿਉਂ ਆਉਣ ਦੇਣਾ ਚਾਹੁੰਦਾ ਹੈ? ਸੂਤਰਾਂ ਅਨੁਸਾਰ ਟਰੰਪ ਨੇ ਅਫਰੀਕਾ ਦਾ ਨਾਂ ਲੈ ਕੇ ਇਹ ਵੀ ਆਖਿਆ ਕਿ ਇਹੋ ਜਿਹੇ ਗਏ ਗੁਜ਼ਰੇ ਦੇਸ਼ਾਂ ਤੋਂ ਅਮਰੀਕਾ ਨੂੰ ਹੋਰ ਲੋਕਾਂ ਨੂੰ ਕਿਉਂ ਸੱਦਣਾ ਚਾਹੀਦਾ ਹੈ। ਇਸ ਸਾਰੇ ਮੁੱਦੇ ਉੱਤੇ ਜਦੋਂ ਟਿੱਪਣੀ ਕਰਨ ਲਈ ਆਖਿਆ ਗਿਆ ਤਾਂ ਵਾੲ੍ਹੀਟ ਹਾਊਸ ਦੇ ਬੁਲਾਰੇ ਰਾਜ ਸ਼ਾਦ ਨੇ ਰਾਸ਼ਟਰਪਤੀ ਦਾ ਪੱਖ ਲਿਆ ਪਰ ਟਰੰਪ ਦੀਆਂ ਟਿੱਪਣੀਆਂ ਬਾਰੇ ਕੁੱਝ ਆਖਣ ਤੋਂ ਇਨਕਾਰ ਕਰ ਦਿੱਤਾ।