ਅਮਰੀਕਾ ਸਬੂਤ ਦੇਵੇ ਤਾਂ ਪਾਕਿਸਤਾਨ ਹੱਕਾਨੀ ਨੈਟਵਰਕ ਉੱਤੇ ਮੁਹਿੰਮ ਲਈ ਤਿਆਰ ਹੈ: ਆਸਿਫ

khwaza asif
ਇਸਲਾਮਾਬਾਦ, 11 ਅਕਤੂਬਰ (ਪੋਸਟ ਬਿਊਰੋ)- ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਨੇ ਕਿਹਾ ਹੈ ਕਿ ਜੇ ਅਮਰੀਕਾ ਇਸ ਗੱਲ ਦੇ ਸਬੂਤ ਦੇਵੇ ਕਿ ਪਾਕਿਸਤਾਬ ਵਿੱਚ ਅੱਤਵਾਦੀ ਹੱਕਾਨੀ ਨੈੱਟਵਰਕ ਦੀਆਂ ਸੁਰੱਖਿਅਤ ਪਨਾਹਾਂ ਹਨ ਤਾਂ ਉਹ ਉਨ੍ਹਾਂ ਨੂੰ ਨਸ਼ਟ ਕਰਨ ਲਈ ਅਮਰੀਕਾ ਨਾਲ ਸਾਂਝੀ ਮੁਹਿੰਮ ਲਈ ਤਿਆਰ ਹਨ।
ਖਵਾਜ਼ਾ ਆਸਿਫ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਗਸਤ ਵਿੱਚ ਪਾਕਿਸਤਾਨ ‘ਤੇ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ਲਾਏ ਜਾਣ ਮਗਰੋਂ ਆਇਆ ਹੈ। ਹਾਲ ਹੀ ਵਿੱਚ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਆਏ ਆਸਿਫ ਨੇ ਐਕਸਪ੍ਰੈਸ ਨਿਊਜ਼ ਨੂੰ ਕਿਹਾ, ਅਸੀਂ ਅਮਰੀਕੀ ਅਧਿਕਾਰੀਆਂ ਨੂੰ ਪਾਕਿਸਤਾਨ ਵਿੱਚ ਹੱਕਾਨੀ ਨੈੱਟਵਰਕ ਦੀਆਂ ਸੁਰੱਖਿਅਤ ਪਨਾਹਗਾਹਾਂ ਹੋਣ ਦੇ ਸਬੂਤਾਂ ਨਾਲ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਮਿੱਥੇ ਖੇਤਰਾਂ ‘ਚ ਇਸ ਦੀ ਕੋਈ ਸਰਗਰਮੀ (ਹੱਕਾਨੀ ਦੀ) ਮਿਲਦੀ ਹੈ ਤਾਂ ਸਾਡੀ ਫੌਜ ਅਮਰੀਕਾ ਨਾਲ ਰਲ ਕੇ ਉਸ ਨੂੰ ਹਮੇਸ਼ਾ ਲਈ ਨਸ਼ਟ ਕਰ ਦੇਵੇਗੀ।