ਅਮਰੀਕਾ ਵੱਲੋਂ ਲਗਾਏ ਗਏ ਟੈਰਿਫ਼ ਅਤੇ ਜੀ-7 ਸਿਖ਼ਰ ਵਾਰਤਾ ਬਾਰੇ ਸੋਨੀਆ ਸਿੱਧੂ ਦਾ ਬਿਆਨ

ਬਰੈਂਪਟਨ, -“ਹਰੇਕ ਕੈਨੇਡੀਅਨ ਦਾ ਚੰਗੇਰਾ ਭਵਿੱਖ ਅਤੇ ਇਸ ਵਿਚ ਸਫ਼ਲਤਾ ਉਸ ਨੂੰ ਪ੍ਰਾਪਤ ਹੋਣ ਵਾਲੇ ਅਵਸਰਾਂ ਅਤੇ ਔਜ਼ਾਰਾਂ ‘ਤੇ ਨਿਰਭਰ ਕਰਦੀ ਹੈ। ਇਸ ਦੇ ਲਈ ਸਾਡੀ ਸਰਕਾਰ ਦੀ ਕੈਨੇਡੀਅਨ ਕਾਮਿਆਂ ਅਤੇ ਬਿਜ਼ਨੈੱਸ ਅਦਾਰਿਆਂ ਲਈ ਵਚਨਬੱਧਤਾ ਜ਼ਰੂਰੀ ਹੈ।” ਇਹ ਸ਼ਬਦ ਹਨ, ਬਰੈਂਪਟਨ ਸਾਊਥ ਤੋਂ ਐੱਮ.ਪੀ. ਸੋਨੀਆ ਸਿੱਧੂ ਦੇ ਜਿਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਹੋਣ ਨਾਤੇ ਉਨ੍ਹਾਂ ਨੂੰ ਲੋਕਾਂ ਨਾਲ ਮਿਲ ਬੈਠਣ ਦਾ, ਉਨ੍ਹਾਂ ਵੱਲੋਂ ਇੱਥੇ ਜੱਦੋ-ਜਹਿਦ ਕਰਨ ਅਤੇ ਭਵਿੱਖ ਦੀਆਂ ਆਸਾਂ, ਉਮੀਦਾਂ ਤੇ ਸੁਪਨਿਆਂ ਬਾਰੇ ਜਾਣਕਾਰੀ ਲੈਣ ਦਾ ਮੌਕਾ ਮਿਲਦਾ ਰਹਿੰਦਾ ਹੈ।
ਅਮਰੀਕੀ ਪ੍ਰਸਾਸ਼ਨ ਵੱਲੋਂ ਹਾਲ ਵਿਚ ਹੀ ਕੈਨੇਡਾ ਦੇ ਅਲਮੀਨੀਅਮ ਅਤੇ ਸਟੀਲ ਲਗਾਏ ਟੈਰਿਫ਼ ਸਾਨੂੰ ਕਦਾਚਿਤ ਮਨਜ਼ੂਰ ਨਹੀਂ ਹਨ ਅਤੇ ਸਾਡੀ ਸਰਕਾਰ ਇਸ ਦੇ ਵਿਰੁੱਧ ਆਪਣੇ ਰੋਸ ਅਤੇ ਗੁੱਸੇ ਦਾ ਪ੍ਰਗਟਾਵਾ ਕਰ ਚੁੱਕੀ ਹੈ। ਅਮਰੀਕਾ ਤੋਂ ਅਲਮੀਨੀਅਮ, ਸਟੀਲ ਅਤੇ ਹੋਰ ਵਸਤਾਂ ਲੈਣ ਲਈ ਉਸ ਦੇ ਪ੍ਰਸਾਸ਼ਨ ਵੱਲੋਂ ਲਗਾਏ ਗਏ 16.6 ਬਿਲੀਅਨ ਡਾਲਰ ਟੈਰਿਫ਼ ਦੇ ਬਦਲੇ ਵਿਚ ਅਸੀਂ ਵੀ ਡਾਲਰ ਦੇ ਮੁਕਾਬਲੇ ਡਾਲਰ ਦੇ ਹਿਸਾਬ ਨਾਲ ਟੈਰਿਫ਼ ਲਗਾਵਾਂਗੇ। ਇਹ ਫ਼ੈਸਲਾ ਪਹਿਲੀ ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ ਇਹ ਓਨਾ ਚਿਰ ਚੱਲਦਾ ਰਹੇਗਾ ਜਿੰਨਾ ਚਿਰ ਅਮਰੀਕਾ ਸਾਡੇ ਦੇਸ਼ ਦੇ ਖਿ਼ਲਾਫ਼ ਟਰੇਡ ਸਬੰਧਾਂ ਵਿਚ ਸੁਧਾਰ ਨਹੀਂ ਕਰ ਲੈਂਦਾ। ਜਿਵੇਂ ਕਿ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਹੈ, ਅਸੀਂ ਸਮਝਦੇ ਹਾਂ ਕਈ ਨੁਕਤਿਆਂ ‘ਤੇ ਆਮ ਸਮਝ ਅਤੇ ਸਹਿਮਤੀ ਕੰਮ ਕਰਦੀ ਹੈ ਅਤੇ ਓਨਾ ਚਿਰ ਅਸੀਂ ਆਪਣੇ ਦੇਸ਼ ਦੇ ਕਾਮਿਆਂ ਅਤੇ ਬਿਜ਼ਨੈੱਸ ਅਦਾਰਿਆਂ ਧਿਰ ਬਣਕੇ ਖੜੇ ਹੋਵਾਂਗੇ।
ਪਿਛਲੇ ਹਫ਼ਤੇ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਫ਼ਰਾਂਸ ਦੇ ਰਾਸ਼ਟਰਪਤੀ ਐਮਾਨਿਉਲ ਮਾਰਕਨ ਨੇ ਕੈਨੇਡਾ-ਵਾਸੀਆਂ ਨੂੰ ਉਤਸ਼ਾਹ ਭਰਪੂਰ ਅਤੇ ਹਾਂ-ਪੱਖੀ ਰਹਿਣ ਲਈ ਕਿਹਾ ਸੀ ਜਦੋਂ ਦੋਹਾਂ ਦੇਸ਼ਾਂ ਦੇ ਮੁਖੀਆਂ ਵੱਲੋਂ ਆਜ਼ਾਦੀ, ਮਨੁੱਖੀ ਅਧਿਕਾਰਾਂ ਦੇ ਸਤਿਕਾਰ ਅਤੇ ਕਾਨੂੰਨ ਦੇ ਰਾਜ ਬਾਰੇ ਸਹਿਮਤੀ ਪ੍ਰਗਟ ਕੀਤੀ ਸੀ। ਇਸ ਤੋਂ ਇਲਾਵਾ ਲੋਕ-ਰਾਜੀ ਕਦਰਾਂ-ਕੀਮਤਾਂ, ਆਜ਼ਾਦ ਤੇ ਖੁੱਲ੍ਹੇ ਵਿਓਪਾਰ ਅਤੇ ਲਿੰਗ-ਸਮਾਨਤਾ ਨੂੰ ਹੋਰ ਵਧਾਉਣ ਬਾਰੇ ਵੀ ਖੁੱਲ੍ਹ ਕੇ ਵਿਚਾਰਾਂ ਹੋਈਆਂ ਸਨ।
ਸਾਡੇ ਦੇਸ਼ ਦੀ ਮੇਜ਼ਬਾਨੀ ਵਿਚ ਪਿਛਲੇ ਹਫ਼ਤੇ ਹੋਈ ਜੀ-7 ਸਿਖ਼ਰ ਵਾਰਤਾ ਵਿਚ ਕੈਨੇਡਾ ਵੱਲੋਂ ਵਾਤਾਵਰਣ ਤਬਦੀਲੀ ਵਿਰੁੱਧ ਲੜਨ, ਕੈਨੇਡੀਅਨ ਕਦਰਾਂ-ਕੀਮਤਾਂ ਅਤੇ ਡਾਇਵਰਸਿਟੀ ਨੂੰ ਪ੍ਰਫੁੱਲਤ ਕਰਨ ਅਤੇ ਦੁਨੀਆਂ ਦੇ ਦੇਸ਼ਾਂ ਵਿਚ ਹੋਰ ਅੱਗੇ ਵੱਧਣ ਬਾਰੇ ਵਚਨਬੱਧਤਾ ਦੁਹਰਾਈ ਗਈ ਸੀ। ਜਿਵੇਂ ਜਿਵੇਂ ਹਰ ਤਰ੍ਹਾਂ ਦੀਆਂ ਟੈਕਨਾਲੌਜੀਆਂ ਅਤੇ ਮੰਡੀਆਂ ਵਿਚ ਵਾਧਾ ਹੋ ਰਿਹਾ ਹੈ, ਕੈਨੇਡਾ ਜੀ-7 ਦੇ ਭਾਈਵਾਲਾਂ ਨਾਲ ਮਿਲ ਕੇ ਆਪਣੇ ਨਾਗਰਿਕਾਂ ਅਤੇ ਉਦਯੋਗਾਂ ਨੂੰ ਭਵਿੱਖ ਦੀਆਂ ਨੌਕਰੀਆਂ ਲਈ ਤਿਆਰ ਕਰੇਗਾ ਤਾਂ ਜੋ ਸਾਰਿਆਂ ਨੂੰ ਇਸ ਦੇ ਲਈ ਯੋਗ ਮੌਕੇ ਮਿਲ ਸਕਣ।
ਮੈਂ ਆਪਣੀ ਰਾਈਡਿੰਗ-ਵਾਸੀਆਂ ਨੂੰ ਆਪਣੇ ਵਿਚਾਰ ਅਤੇ ਫ਼ੀਡਬੈਕ ਸਾਂਝਾ ਕਰਨ ਲਈ ਉਤਸ਼ਾਹਿਤ ਕਰਦੀ ਹਾਂ ਅਤੇ ਮੈਂ ਉਨ੍ਹਾਂ ਦੇ ਸਾਰੇ ਮੁੱਦਿਆਂ ਅਤੇ ਮਸਲਿਆਂ ਨੂੰ ਉਨ੍ਹਾਂ ਨਾਲ ਵਿਚਾਰਨ ਤੋਂ ਬਾਅਦ ਇਨ੍ਹਾਂ ਨੂੰ ਅਗਲੇਰੇ ਪਲੇਟਫ਼ਾਰਮਾਂ ‘ਤੇ ਸਾਂਝਿਆਂ ਕਰਾਂਗੀ।