ਅਮਰੀਕਾ ਵੱਲੋਂ ਚੀਨੀ ਵਸਤਾਂ ਉੱਤੇ 25 ਫੀ ਸਦੀ ਟੈਰਿਫ ਲਾਉਣ ਦਾ ਪ੍ਰਸਤਾਵ


ਵਾਸਿ਼ੰਗਟਨ, 3 ਅਪਰੈਲ (ਪੋਸਟ ਬਿਊਰੋ) : ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਬੀਜਿੰਗ ਦੀ ਕਥਿਤ ਅਮਰੀਕੀ ਤਕਨਾਲੋਜੀ ਦੀ ਚੋਰੀ ਦੇ ਵਿਰੋਧ ਵਿੱਚ ਚੀਨੀ ਵਸਤਾਂ ਉੱਤੇ 25 ਫੀ ਸਦੀ ਟੈਰਿਫ ਲਾਉਣ ਦਾ ਪ੍ਰਸਤਾਵ ਪੇਸ਼ ਕੀਤਾ।
ਯੂਐਸ ਟਰੇਡ ਰਿਪ੍ਰਜ਼ੈਂਟੇਟਿਵ ਦੇ ਆਫਿਸ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ 1300 ਚੀਨੀ ਵਸਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਨ੍ਹਾਂ ਉੱਤੇ ਇਹ ਟੈਰਿਫ ਲਾਇਆ ਜਾਵੇਗਾ। ਇਨ੍ਹਾਂ ਵਿੱਚ ਇੰਡਸਟਰੀਅਲ ਰੋਬੋਟਸ ਤੋਂ ਲੈ ਕੇ ਟੈਲੀਕਮਿਊਨਿਕੇਸ਼ਨਜ਼ ਸਬੰਧੀ ਸਾਜ਼ੋ ਸਮਾਨ ਵੀ ਸ਼ਾਮਲ ਹੈ। ਇਹ ਪ੍ਰਸਤਾਵਿਤ ਟੈਰਿਫ ਹੁਣ ਤੋਂ ਹੀ ਲਾਗੂ ਨਹੀਂ ਕੀਤੇ ਜਾਣਗੇ। ਜਨਤਾ ਨੂੰ ਇਸ ਉੱਤੇ ਟਿੱਪਣੀ ਕਰਨ ਲਈ 11 ਮਈ ਤੱਕ ਦਾ ਸਮਾਂ ਦਿੱਤਾ ਗਿਆ ਹੈ ਤੇ ਟੈਰਿਫਜ਼ ਬਾਰੇ ਸੁਣਵਾਈ 15 ਮਈ ਲਈ ਨਿਰਧਾਰਤ ਹੈ। ਕੰਪਨੀਆਂ ਤੇ ਖਪਤਕਾਰਾਂ ਕੋਲ ਇਸ ਸੂਚੀ ਵਿੱਚੋਂ ਕੁੱਝ ਪ੍ਰੋਡਕਟਸ ਨੂੰ ਹਟਾਉਣ ਲਈ ਲਾਬੀ ਕਰਨ ਦਾ ਮੌਕਾ ਹੈ।
ਇਸ ਕਦਮ ਨਾਲ ਚੀਨ ਨਾਲ ਟਰੇਡ ਤਣਾਅ ਹੋਰ ਵੱਧਣ ਦੀ ਸੰਭਾਵਨਾ ਹੈ। ਜਿ਼ਕਰਯੋਗ ਹੈ ਕਿ ਚੀਨ ਨੇ ਸੋਮਵਾਰ ਨੂੰ ਅਮਰੀਕਾ ਉੱਤੇ 3 ਬਿਲੀਅਨ ਡਾਲਰ ਦੇ ਟੈਕਸ ਲਾਉਣ ਦਾ ਐਲਾਨ ਕੀਤਾ ਸੀ। ਮੰਗਲਵਾਰ ਰਾਤ ਨੂੰ ਵਾਸਿ਼ੰਗਟਨ ਸਥਿਤ ਚੀਨੀ ਅੰਬੈਸੀ ਵੱਲੋਂ ਬਿਆਨ ਜਾਰੀ ਕਰਕੇ ਆਖਿਆ ਗਿਆ ਕਿ ਉਨ੍ਹਾਂ ਵੱਲੋਂ ਇਸ ਕਦਮ ਦੀ ਸਖਤ ਨਿਖੇਧੀ ਕੀਤੀ ਜਾਂਦੀ ਹੈ। ਇਹ ਵੀ ਆਖਿਆ ਗਿਆ ਕਿ ਇਸ ਨਾਲ ਨਾ ਤਾਂ ਚੀਨ ਦੇ ਹਿਤਾਂ ਦੀ ਪੂਰਤੀ ਹੋਵੇਗੀ ਤੇ ਨਾ ਹੀ ਅਮਰੀਕਾ ਦੇ ਹਿਤ ਪੂਰੇ ਹੋਣਗੇ। ਇਸ ਨਾਲ ਸਗੋਂ ਗਲੋਬਲ ਅਰਥਚਾਰੇ ਨੂੰ ਵੀ ਨੁਕਸਾਨ ਹੋਵੇਗਾ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਚੀਨ ਇਨ੍ਹਾਂ ਨਵੇਂ ਟੈਰਿਫਜ਼ ਖਿਲਾਫ ਬਦਲਾਲਊ ਕਾਰਵਾਈ ਕਰੇਗਾ।