ਅਮਰੀਕਾ ਵੱਲੋਂ ਕੈਨੇਡੀਅਨ ਸਟੀਲ ਤੇ ਐਲੂਮੀਨੀਅਮ ਉੱਤੇ ਵੀ ਟੈਰਿਫ ਲਾਉਣ ਦਾ ਐਲਾਨ


ਵਾਸਿ਼ੰਗਟਨ, 31 ਮਈ (ਪੋਸਟ ਬਿਊਰੋ) : ਟਰੰਪ ਪ੍ਰਸ਼ਾਸਨ ਵੱਲੋਂ ਕੈਨੇਡੀਅਨ ਸਟੀਲ ਤੇ ਐਲੂਮੀਨੀਅਮ ਉੱਤੇ ਭਾਰੀ ਟੈਰਿਫ ਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਹੁਣ ਸੰਭਾਵੀ ਤੌਰ ਉੱਤੇ ਟਰੇਡ ਜੰਗ ਸ਼ੁਰੂ ਹੋਵੇਗੀ। ਅਗਲੇ ਹਫਤੇ ਜੀ 7 ਮੁਲਕਾਂ ਦੀ ਹੋਣ ਜਾ ਰਹੀ ਵਾਰਤਾ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੰਡੇ ਹੋਏ ਆਗੂਆਂ ਦੇ ਗਰੁੱਪ ਵਿੱਚ ਫਸ ਜਾਣਗੇ।
ਅਮਰੀਕਾ ਦੇ ਵਣਜ ਮੰਤਰੀ ਵਿਲਬਰ ਰੌਸ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਕੈਨੇਡਾ, ਮੈਕਸਿਕੋ ਤੇ ਯੂਰਪੀਅਨ ਯੂਨੀਅਨ ਨੂੰ ਸਟੀਲ ਤੇ ਐਲੂਮੀਨੀਅਮ ਟੈਰਿਫ ਤੋਂ ਦਿੱਤੀ ਆਰਜੀ ਛੋਟ ਨੂੰ ਅਸੀਂ ਖਤਮ ਕਰਨ ਜਾ ਰਹੇ ਹਾਂ। ਇਸ ਤੋਂ ਭਾਵ ਹੈ ਕਿ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਅਗਲੇ ਹਫਤੇ ਕਿਊਬਿਕ ਵਿੱਚ ਹੋਣ ਜਾ ਰਹੀ ਜੀ 7 ਸਿਖਰ ਵਾਰਤਾ ਵਿੱਚ ਅਜਿਹੇ ਆਗੂਆਂ ਦੇ ਗਰੁੱਪ ਦਾ ਸਾਹਮਣਾ ਕਰਨਾ ਹੋਵੇਗਾ ਜਿਹੜੇ ਅਮਰੀਕਾ ਖਿਲਾਫ ਬਦਲਾਲਊ ਕਾਰਵਾਈ ਕਰਨਗੇ।
ਵਾੲ੍ਹੀਟ ਹਾਊਸ ਨੇ ਇੱਕ ਬਿਆਨ ਵਿੱਚ ਆਖਿਆ ਹਾਲਾਂਕਿ ਇਨ੍ਹਾਂ ਟੈਰਿਫਜ਼ ਦਾ ਇੰਡਸਟਰੀ ਜੌਬ ਤੇ ਵਰਕਰਜ਼ ਉੱਤੇ ਵੱਡਾ ਤੇ ਸਕਾਰਾਤਮਕ ਪ੍ਰਭਾਵ ਪਿਆ ਹੈ, ਟਰੰਪ ਪ੍ਰਸ਼ਾਸਨ ਦੀਆਂ ਕਾਰਵਾਈਆਂ ਸਾਡੀ ਨੈਸ਼ਨਲ ਸਕਿਊਰਿਟੀ ਤੇ ਅਮਰੀਕੀ ਕਾਮਿਆਂ ਨੂੰ ਸਮਰਥਨ ਕਰਨ ਦੀ ਸਾਡੀ ਯੋਜਨਾ ਨੂੰ ਹੀ ਦਰਸਾਉਂਦੀਆਂ ਹਨ। ਇਸ ਐਲਾਨ ਤੋਂ ਪਹਿਲਾਂ ਆਪਣਾ ਨਾਂ ਗੁਪਤ ਰੱਖੇ ਜਾਣ ਦੀ ਸ਼ਰਤ ਉੱਤੇ ਇੱਕ ਸੀਨੀਅਰ ਕੈਨੇਡੀਅਨ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੈਨੇਡਾ ਨੇ ਵੀ ਅਜਿਹੇ ਅਮਰੀਕੀ ਉਤਪਾਦਾਂ ਦੀ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਉੱਤੇ ਟੈਰਿਫ ਲਾਏ ਜਾ ਸਕਦੇ ਹਨ। ਪਰ ਉਨ੍ਹਾਂ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ।
ਜਿ਼ਕਰਯੋਗ ਹੈ ਕਿ ਕੈਨੇਡਾ, ਮੈਕਸਿਕੋ ਤੇ ਯੂਰਪ ਨੂੰ ਪਹਿਲੀ ਜੂਨ ਤੱਕ ਸਟੀਲ ਤੇ ਐਲੂਮੀਨੀਅਮ ਉੱਤੇ 25 ਫੀ ਸਦੀ ਇੰਪੋਰਟ ਡਿਊਟੀ ਤੋਂ ਅਮਰੀਕਾ ਵੱਲੋਂ ਛੋਟ ਦਿੱਤੀ ਗਈ ਸੀ। ਇਹ ਟੈਰਿਫ ਪਹਿਲਾਂ 25 ਮਾਰਚ ਨੂੰ ਲਾਗੂ ਕੀਤੇ ਗਏ ਸਨ। ਵੀਰਵਾਰ ਨੂੰ ਇੱਕ ਕਾਨਫਰੰਸ ਦੌਰਾਨ ਅਮਰੀਕਾ ਨੂੰ ਸੰਭਾਵੀ ਜਵਾਬੀ ਕਾਰਵਾਈ ਦਾ ਸਾਹਮਣਾ ਕਰਨ ਜਾਂ ਇਸ ਕਦਮ ਦਾ ਜੀ7 ਮੀਟਿੰਗ ਉੱਤੇ ਅਸਰ ਪੈਣ ਵਰਗੇ ਪੁੱਛੇ ਸਵਾਲਾਂ ਤੋਂ ਰੌਸ ਨੇ ਪੱਲਾ ਝਾੜ ਲਿਆ। ਉਨ੍ਹਾਂ ਆਖਿਆ ਕਿ ਉਹ ਗੱਲਬਾਤ ਜਾਰੀ ਰੱਖਣਾ ਚਾਹੁੰਦੇ ਹਨ ਤੇ ਅਮਰੀਕਾ ਵੱਲੋਂ ਇਹ ਫੈਸਲਾ ਨੈਸ਼ਨਲ ਸਕਿਊਰਿਟੀ ਦੇ ਅਧਾਰ ਉੱਤੇ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਸਪਸ਼ਟੀਕਰਨ ਨੂੰ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਪਹਿਲਾਂ ਹੀ ਬੇਤੁਕਾ ਦੱਸ ਕੇ ਰੱਦ ਕਰ ਚੁੱਕੀ ਹੈ।