ਅਮਰੀਕਾ ਵਿੱਚ 17 ਸਟੇਟਸ ਦੇ 7-ਇਲੈਵਨ ਸਟੋਰਜ਼ ਉੱਤੇ ਇਮੀਗ੍ਰੇਸ਼ਨ ਏਜੰਟਾਂ ਨੇ ਮਾਰੇ ਛਾਪੇ

ਲਾਸ ਏਂਜਲਸ, 11 ਜਨਵਰੀ (ਪੋਸਟ ਬਿਊਰੋ) : ਬੁੱਧਵਾਰ ਸਵੇਰੇ 7-ਇਲੈਵਨ ਸਟੋਰ ਵਿੱਚ ਸੱਤ ਇਮੀਗ੍ਰੇਸ਼ਨ ਏਜੰਟ ਦਾਖਲ ਹੋਏ ਤੇ ਉਨ੍ਹਾਂ ਲੋਕਾਂ ਨੂੰ ਸਟੋਰ ਵਿੱਚੋਂ ਬਾਹਰ ਜਾਣ ਦੀ ਉਡੀਕ ਕੀਤੀ। ਫਿਰ ਉਨ੍ਹਾਂ ਉੱਥੇ ਪਹੁੰਚ ਰਹੇ ਕਸਟਮਰਜ਼ ਤੇ ਬੀਅਰ ਡਲਿਵਰ ਕਰ ਰਹੇ ਡਰਾਈਵਰ ਨੂੰ ਬਾਹਰ ਹੀ ਰੁਕਣ ਲਈ ਆਖਿਆ। ਫਿਰ ਉਨ੍ਹਾਂ ਆਖਿਆ ਕਿ ਫੈਡਰਲ ਜਾਂਚ ਚੱਲ ਰਹੀ ਹੈ।
20 ਮਿੰਟਾਂ ਦੇ ਅੰਦਰ ਅੰਦਰ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੈਸ਼ੀਅਰ ਕੋਲ ਜਾਇਜ਼ ਗ੍ਰੀਨ ਕਾਰਡ ਹੈ ਤੇ ਉਨ੍ਹਾਂ ਮਾਲਕ ਨੂੰ ਤਿੰਨ ਦਿਨ ਦਾ ਨੋਟਿਸ ਦੇ ਕੇ ਆਖਿਆ ਕਿ ਉਹ ਤਿੰਨ ਦਿਨਾਂ ਦੇ ਅੰਦਰ ਅੰਦਰ ਕਰਮਚਾਰੀਆਂ ਨੂੰ ਹਾਇਰ ਕੀਤੇ ਜਾਣ ਸਬੰਧੀ ਰਿਕਾਰਡ ਪੇਸ਼ ਕਰੇ। ਇਸ ਵਿੱਚ ਉਹ ਰਿਕਾਰਡ ਪੇਸ਼ ਕਰਨ ਲਈ ਵੀ ਆਖਿਆ ਗਿਆ ਜਿਹੜਾ ਕਰਮਚਾਰੀਆਂ ਦੇ ਇਮੀਗ੍ਰੇਸ਼ਨ ਸਟੇਟਸ ਨਾਲ ਸਬੰਧਤ ਹੋਵੇ।
ਇਹੋ ਸਿਲਸਿਲਾ 17 ਸਟੇਟਸ ਵਿਚਲੇ 7-ਇਲੈਵਨ ਦੇ 100 ਸਟੋਰਜ ਤੇ ਡਿਸਟ੍ਰਿਕਟ ਆਫ ਕੋਲੰਬੀਆ ਵਿੱਚ ਚੱਲਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਡੌਨਲਡ ਟਰੰਪ ਦੇ ਕਾਰਜਕਾਲ ਵਿੱਚ ਇਹ ਇੰਪਲਾਇਰਜ਼ ਦੇ ਖਿਲਾਫ ਚਲਾਇਆ ਗਿਆ ਸੱਭ ਤੋਂ ਵੱਡਾ ਆਪਰੇਸ਼ਨ ਹੈ। ਇੰਪਲਾਇਮੈਂਟ ਆਡਿਟਜ਼ ਤੇ ਸਟੋਰ ਵਰਕਰਜ਼ ਨਾਲ ਇੰਟਰਵਿਊਜ਼ ਤੋਂ ਬਾਅਦ ਮੁਜਰਮਾਨਾਂ ਚਾਰਜਿਜ਼ ਜਾਂ ਜੁਰਮਾਨੇ ਵੀ ਲੱਗ ਸਕਦੇ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਟਰੰਪ ਵੱਲੋਂ ਲਿਆਂਦੇ ਇਮੀਗ੍ਰੇਸ਼ਨ ਨਿਯਮਾਂ ਦੇ ਪਸਾਰ ਲਈ ਨਵਾਂ ਮੁਹਾਜ ਵੀ ਖੁੱਲ੍ਹੇਗਾ।
ਇੱਥੇ ਇਹ ਵੀ ਦੱਸਿਆ ਜਾਣਾ ਬਣਦਾ ਹੈ ਕਿ ਪਹਿਲਾਂ ਹੀ ਡਿਪੋਰਟੇਸ਼ਨ ਸਬੰਧੀ ਗ੍ਰਿਫਤਾਰੀਆਂ ਵਿੱਚ 40 ਫੀ ਸਦੀ ਵਾਧਾ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਮੈਕਸਿਕੋ ਨਾਲ ਲੱਗਦੀ ਸਰਹੱਦ ਉੱਤੇ ਕੰਧ ਉਸਾਰਨ ਲਈ ਕਈ ਬਿਲੀਅਨ ਡਾਲਰ ਖਰਚਣ ਦੇ ਵਾਅਦੇ ਨੂੰ ਪੂਰਾ ਕਰਨ ਵੱਲ ਵੀ ਤਵੱਜੋ ਦਿੱਤੀ ਜਾ ਰਹੀ ਹੈ।