ਅਮਰੀਕਾ ਵਿੱਚ ਹਿੰਸਕ ਘਟਨਾਵਾਂ ਵਿਰੁੱਧ ਅਫਰੀਕੀ-ਅਮਰੀਕੀ ਲੋਕਾਂ ਦਾ ਰੋਸ ਪ੍ਰਦਰਸ਼ਨ


ਵਾਸ਼ਿੰਗਟਨ, 8ਜੁਲਾਈ, (ਪੋਸਟ ਬਿਊਰੋ)- ਅਫਰੀਕੀ ਮੂਲ ਦੇ ਹਜ਼ਾਰਾਂ ਅਮਰੀਕੀ ਨਾਗਰਿਕਾਂ ਨੇ ਸ਼ਿਕਾਗੋ ਸ਼ਹਿਰ ਵਿੱਚ ਅੱਜ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾ ਨੇ ਡੈਨ ਰਿਆਨ ਐਕਸਪ੍ਰੈਸ ਬੰਦ ਕਰ ਦਿੱਤਾ। ਇਹ ਵਿਰੋਧ ਪ੍ਰਦਰਸ਼ਨ ਅਫਰੀਕੀ ਮੂਲ ਦੇ ਲੋਕਾਂ ਉੱਤੇ ਹਿੰਸਾ ਦੀਆਂ ਵਧਦੀਆਂ ਘਟਨਾਵਾਂ ਦੀ ਨਿੰਦਾ ਕਰਨ ਲਈ ਕੀਤਾ ਗਿਆ।
ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਸੇਂਟ ਸੈਬਿਨਾ ਕੈਥੋਲਿਕ ਚਰਚ ਦੇ ਪਾਸਟਰ ਰੇਵਰੈਂਡ ਮਾਈਕਲ ਫਲੇਗਰ ਦੀ ਅਗਵਾਈ ਵਿੱਚ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਇਹ ਪ੍ਰਦਰਸ਼ਨ ਅਹਿੰਸਕ ਹੈ ਤੇ ਸ਼ਾਂਤੀ ਲਈ ਕੀਤਾ ਹਿਆ ਹੈ। ਜਦੋਂ ਪ੍ਰਦਰਸ਼ਨ ਸ਼ੁਰੂ ਹੋਇਆ, ਸਟੇਟ ਪੁਲਸ ਨੇ 76ਵੀਂ ਸਟ੍ਰੀਟ ਉੱਤੇ ਇਨ੍ਹਾਂ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਰੋਸ ਕਰਦੇ ਲੋਕਾਂ ਵਿੱਚ ਸ਼ਾਮਲ ਜੇਮਸ ਕਰੀ (62 ਸਾਲ) ਨੇ ਕਿਹਾ ਕਿ ਅਫਰੀਕੀ-ਅਮਰੀਕੀ ਭਾਈਚਾਰੇ ਦੇ ਲੋਕਾਂ ਨੂੰ ਸ਼ਹਿਰ ਵਿੱਚ ਵਧੀਆਂ ਸਿੱਖਿਆ ਦੀ ਲੋੜ ਹੈ, ਕੋਈ ਵੀ ਬੱਚਾ ਇਹ ਕਹਿੰਦਾ ਵੱਡਾ ਨਹੀਂ ਹੁੰਦਾ ਕਿ ਉਹ ਗੈਂਗਸਟਰ ਬਣਨਾ ਚਾਹੁੰਦਾ ਹੈ। ਕਈ ਲੋਕਾਂ ਦੇ ਹੱਥਾਂ ਵਿਚਲੇ ਪੋਸਟਰਾਂ ਉੱਤੇ ਲਿਖਿਆ ਸੀ, ‘ਸਾਨੂੰ ਰੁਜ਼ਗਾਰ ਚਾਹੀਦਾ ਹੈ, ਹਿੰਸਾ ਰੋਕੋ’, ‘ਸਾਡੇ ਸਕੂਲਾਂ ਨੂੰ ਬਚਾਓ।’ ਵਰਨਣ ਯੋਗ ਹੈ ਕਿ ਸ਼ਿਕਾਗੋ ਵਿੱਚ ਇਸ ਸਾਲ ਜੂਨ ਤੱਕ ਇਸ ਤਰ੍ਹਾਂ ਦੀਆਂ ਨਸਲੀ ਘਟਨਾਵਾਂ ਵਿੱਚ 271 ਲੋਕਾਂ ਦੀ ਮੌਤ ਹੋ ਗਈ ਅਤੇ 1,435 ਜ਼ਖਮੀ ਹੋਏ ਹਨ।