ਅਮਰੀਕਾ ਵਿੱਚ ਪੰਜਾਬੀ ਨੌਜਵਾਨ ਨੂੰ ਗੋਲੀ ਮਾਰੀ ਗਈ, ਗੰਭੀਰ ਜ਼ਖਮੀ ਹਸਪਤਾਲ ਦਾਖਲ


ਨਡਾਲਾ, 17 ਮਈ, (ਪੋਸਟ ਬਿਊਰੋ)- ਅਮਰੀਕਾ ਦੇ ਓਹਾਇਓ ਰਾਜ ਦੇ ਸ਼ਹਿਰ ਸਿਨਸਿਨਾਤੀ ਵਿੱਚ ਇਕ ਗੈਰ-ਗੋਰੇ ਵਿਅਕਤੀ ਨੇ ਇਕ ਨਡਾਲਾ ਵਾਸੀ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਹੈ, ਜਿਹੜਾ ਇਸ ਵਕਤ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਵਿਚਾਲੇ ਸੰਘਰਸ਼ ਕਰ ਰਿਹਾ ਹੈ।
ਜ਼ਖਮੀ ਹੋਏ ਨੌਜਵਾਨ ਦੇ ਜੀਜਾ ਜੰਗ ਬਹਾਦਰ ਸਿੰਘ ਸੋਢੀ ਵਾਸੀ ਪਸੀਏਵਾਲ ਨੇ ਦੱਸਿਆ ਕਿ ਘਟਨਾ ਸਮੇਂ ਰਾਤ ਕਰੀਬ 10.30 ਵਜੇ ਨੌਜਵਾਨ ਜਸਪ੍ਰੀਤ ਸਿੰਘ ਉੱਪਲ ਪੁੱਤਰ ਮੇਵਾ ਸਿੰਘ ਆਪਣੇ ਘਰ ਅੱਗੇ ਸੈਰ ਕਰ ਰਿਹਾ ਸੀ ਤਾਂ ਗੈਰ ਗੋਰੇ ਵਿਅਕਤੀ ਨੇ ਗੋਲੀ ਮਾਰ ਦਿੱਤੀ। ਜਸਪ੍ਰੀਤ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਕਰੀਬ 5 ਦਿਨਾਂ ਤੋਂ ਮੌਤ ਨਾਲ ਸੰਘਰਸ਼ ਕਰ ਰਿਹਾ ਹੈ। ਉਹ ਕਰੀਬ 8 ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕੇ ਅਮਰੀਕਾ ਗਿਆ ਸੀ ਅਤੇ ਇਸ ਵੇਲੇ ਆਪਣੀ ਪਤਨੀ ਜਸਪ੍ਰੀਤ ਕੌਰ ਅਤੇ 2 ਲੜਕੇ ਤੇ 2 ਲੜਕੀਆਂ ਨਾਲ ਸਿਨਸਿਨਾਤੀ ਵਿੱਚ ਰਹਿ ਰਿਹਾ ਸੀ ਅਤੇ ਪੇਟ ਪਾਲਣ ਲਈ ਟਰਾਲਾ ਚਲਾਉਂਦਾ ਸੀ। ਮੌਕੇ ਉੱਤੇ ਪੁੱਜੀ ਹੈਮਿਲਟਨ ਪੁਲੀਸ ਨੇ ਬਰੋਡਰਿਕ ਮਲਿਕ ਜੋਨਸ ਰੋਬਿਟ ਨਾਂ ਦੇ ਦੋਸ਼ੀ ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਕੇਸ ਦਰਜ ਕਰਕੇ ਜੇਲ ਭੇਜ ਦਿੱਤਾ। ਇਸ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਰਿਹਾ।