ਅਮਰੀਕਾ ਵਿੱਚ ਪਿਛਲੇ ਸਾਲ ਵਿੱਚ 6000 ਹੇਟ ਕਰਾਈਮ ਕੇਸ ਦਰਜ ਕੀਤੇ ਗਏ


ਵਾਸ਼ਿੰਗਟਨ, 14 ਨਵੰਬਰ (ਪੋਸਟ ਬਿਊਰੋ)- ਅਮਰੀਕਾ ਵਿਚ ਪਿਛਲੇ ਸਾਲ ਹਿੰਦੂਆਂ ਤੇ ਸਿੱਖਾਂ ਵਿਰੁੱਧ ਅਪਰਾਧਾਂ ਸਮੇਤ 6000 ਤੋਂ ਵਧ ਨਫਰਤ ਅਪਰਾਧ ਦਰਜ ਕੀਤੇ ਗਏ। ਐੱਫ ਬੀ ਆਈ ਦੇ ਅੰਕੜਿਆਂ ਮੁਤਾਬਕ ਇਸ ਪ੍ਰਕਾਰ ਦੀਆਂ ਘਟਨਾਵਾਂ ਵਿਚ ਸਾਲ 2015 ਦੀ ਤੁਲਨਾ ਵਿਚ ਤਕਰੀਬਨ 5 ਫੀਸਦੀ ਵਾਧਾ ਹੋਇਆ ਹੈ।
ਇਕ ਨਿਊਜ਼ ਏਜੰਸੀ ਦੀ ਖਬਰ ਮੁਤਾਬਕ ਇਨ੍ਹਾਂ ਘਟਨਾਵਾਂ ਵਿਚ ਜ਼ਿਆਦਾ ਕੇਸ ਅਫਰੀਕੀ-ਅਮਰੀਕੀਆਂ ਪ੍ਰਤੀ ਭੇਦਭਾਵ ਤੇ ਯਹੂਦੀ ਵਿਰੋਧੀ ਸਨ, ਜਦ ਕਿ ਇਕ ਚੌਥਾਈ ਕੇਸ ਮੁਸਲਿਮ ਵਿਰੋਧੀ ਸਨ। ਐੱਫ ਬੀ ਆਈ ਨੇ ਆਪਣੇ ਤਾਜ਼ਾ ਸਲਾਨਾ ਅੰਕੜਿਆਂ ਵਿਚ ਕਿਹਾ ਹੈ ਕਿ ਸਾਲ 2016 ਵਿੱਚ ਉਸ ਨੇ 12 ਹਿੰਦੂ ਵਿਰੋਧੀ ਨਫਰਤ ਅਪਰਾਧ ਅਤੇ 7 ਸਿੱਖ ਵਿਰੋਧੀ ਨਫਰਤ ਅਪਰਾਧ ਦਰਜ ਕੀਤੇ ਸਨ। ਨਫਰਤ ਅਪਰਾਧ ਦੇ 3.1 ਫੀਸਦੀ ਕੇਸ ਏਸ਼ੀਅਨ ਵਿਰੁੱਧ ਵਿਤਕਰੇ ਅਤੇ 1.3 ਫੀਸਦੀ ਕੇਸ ਅਰਬ ਵਿਰੋਧੀ ਵਿਤਕਰੇ ਵਾਲੇ ਸਨ। ਅਮਰੀਕਾ ਦੇ ਅਟਾਰਨੀ ਜਨਰਲ ਜੈਫ ਸੈਸ਼ਨਸ ਨੇ ਕਿਹਾ, ‘ਕਿਸੇ ਵਿਅਕਤੀ ਨੂੰ ਇਸ ਆਧਾਰ ਉੱਤੇ ਹਿੰਸਕ ਹਮਲੇ ਦਾ ਡਰ ਨਹੀਂ ਹੋਣਾ ਚਾਹੀਦਾ ਕਿ ਉਹ ਕੀ ਹੈ, ਕਿਸ ਵਿੱਚ ਵਿਸ਼ਵਾਸ ਕਰਦਾ ਅਤੇ ਉਹ ਕਿਸ ਤਰ੍ਹਾਂ ਪ੍ਰਾਰਥਨਾ ਕਰਦਾ ਹੈ।’ ਇਸ ਦੌਰਾਨ ਸਿੱਖ ਕੋਏਲੀਸ਼ਨ ਨੇ ਐੱਫ ਬੀ ਆਈ ਦੇ ਅੰਕੜਿਆਂ ਉੱਤੇ ਇਤਰਾਜ਼ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੀ ਗਿਣਤੀ ਘੱਟ ਦੱਸੀ ਗਈ ਹੈ। ਸਿੱਖ ਕੋਏਲੀਸ਼ਨ ਦੇ ਆਗੂ ਸਿਮ ਸਿੰਘ ਨੇ ਕਿਹਾ ਕਿ ਐੱਫ ਬੀ ਆਈ ਅੰਕੜਿਆਂ ਵਿਚ ਸਾਲ 2016 ਵਿਚ ਨਫਰਤ ਅਪਰਾਧ ਦੀਆਂ 6,000 ਘਟਨਾਵਾਂ ਅਤੇ ਸਿੱਖਾਂ ਵਿਰੁੱਧ ਨਫਰਤ ਅਪਰਾਧ ਦੀਆਂ ਸਿਰਫ 7 ਘਟਨਾਵਾਂ ਦੱਸੀਆਂ ਗਈਆਂ ਹਨ, ਪਰ ਅਸਲ ਵਿਚ ਇਹ ਗਿਣਤੀ ਵਧ ਹੈ। ਉਨ੍ਹਾਂ ਕਿਹਾ ਅੰਕੜਿਆਂ ਵਿਚ ਇਸ ਅੰਤਰ ਨੂੰ ਦੂਰ ਕਰਨ ਦਾ ਸਿਰਫ ਇਕ ਤਰੀਕਾ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਵੱਲੋਂ ਨਫਰਤ ਅਪਰਾਧ ਦਰਜ ਕਰਾਉਣ ਨੂੰ ਜ਼ਰੂਰੀ ਬਣਾਇਆ ਜਾਣ ਦਾ ਹੋ ਸਕਦਾ ਹੈ।