ਅਮਰੀਕਾ ਵਿੱਚ ਪਹਿਲੇ ਸਿੱਖ ਅਟਾਰਨੀ ਜਨਰਲ ਨੇ ਅਹੁਦਾ ਸੰਭਾਲਿਆ


ਨਿਊਯਾਰਕ, 18 ਜਨਵਰੀ, (ਪੋਸਟ ਬਿਊਰੋ)- ਭਾਰਤੀ ਮੂਲ ਦੇ ਵਕੀਲ ਗੁਰਬੀਰ ਸਿੰਘ ਗਰੇਵਾਲ ਨੂੰ ਅਮਰੀਕਾ ਦੇ ਨਿਊ ਜਰਸੀ ਸੂਬੇ ਦਾ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ਉੱਤੇ ਨਿਯੁਕਤੀ ਪਾਉਣ ਵਾਲੇ ਉਹ ਪਹਿਲੇ ਸਿੱਖ ਹਨ, ਜਿਸ ਨੇ ਇਹ ਸਨਮਾਨ ਹਾਸਲ ਕੀਤਾ ਹੈ।
ਇਸ ਰਾਜ ਦੀ ਸੈਨੇਟ ਦੀ ਜੁਡੀਸ਼ਲ ਕਮੇਟੀ ਵਿੱਚ ਮੰਗਲਵਾਰ ਨੂੰ ਆਪਣੀ ਨਾਮਜ਼ਦਗੀ ਦੀ ਮਨਜ਼ੂਰੀ ਦੌਰਾਨ 44 ਸਾਲਾ ਗਰੇਵਾਲ ਨੇ ਕਿਹਾ ਕਿ ਮੈਂ ਕਦੀ ਕਲਪਨਾ ਵੀ ਨਹੀਂ ਕੀਤੀ ਸੀ ਕਿ ਮੇਰੀ ਜ਼ਿੰਦਗੀ ਮੈਨੂੰ ਅੱਜ ਇਥੇ ਲਿਆ ਸਕਦੀ ਹੈ। ਮੈਂ ਬੇਹੱਦ ਖ਼ੁਸ਼ ਹਾਂ ਅਤੇ ਨਵੀਂ ਸ਼ੁਰੂਆਤ ਕਰਨ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ।
ਵਰਨਣ ਯੋਗ ਹੈ ਕਿ ਸੂਬਾਈ ਕੈਬਨਿਟ ਨੇ ਸਰਬ ਸੰਮਤੀ ਨਾਲ ਉਨ੍ਹਾਂ ਦੇ ਨਾਂਅ ਉੱਤੇ ਮੋਹਰ ਲਾਈ ਹੈ। ਇਸ ਪਿੱਛੋਂ ਗੁਰਬੀਰ ਸਿੰਘ ਗਰੇਵਾਲ ਨੂੰ ਇਕ ਸਮਾਰੋਹ ਦੌਰਾਨ ਅਟਾਰਨੀ ਜਨਰਲ ਦੀ ਸਹੁੰ ਚੁਕਾਈ ਗਈ। ਨਿਊ ਜਰਸੀ ਸਟੇਟ ਦੇ ਗਵਰਨਰ ਫਿਲ ਮਰਫੀ ਨੇ ਰਾਜ ਦੇ ਅਗਲੇ ਅਟਾਰਨੀ ਜਨਰਲ ਵਜੋਂ ਗਰੇਵਾਲ ਨੂੰ ਬੀਤੇ ਦਸੰਬਰ ਵਿੱਚ ਨਾਮਜ਼ਦ ਕੀਤਾ ਸੀ। ਗਰੇਵਾਲ ਇਸ ਤੋਂ ਪਹਿਲਾਂ ਬਰਗਨ ਕਾਊਂਟੀ ਦੇ ਚੋਟੀ ਦੇ ਕਾਨੂੰਨ ਇਮੀਗਰੇਸ਼ਨ ਅਧਿਕਾਰੀ ਦਾ ਕੰਮ ਕਰ ਚੁੱਕੇ ਹਨ। ਇਸ ਅਹੁਦੇ ਉੱਤੇ ਉਨ੍ਹਾਂ ਨੂੰ 2016 ਵਿੱਚ ਨਿਯੁਕਤ ਕੀਤਾ ਗਿਆ ਸੀ।