ਅਮਰੀਕਾ ਵਿੱਚ ਪਤੀ ਤੇ ਸਹੁਰਿਆਂ ਦੀ ਕੁੱਟ ਦਾ ਸ਼ਿਕਾਰ ਭਾਰਤੀ ਔਰਤ ਬਚਾਈ ਗਈ

indian women rescued from domestic violence
ਹਿਊਸਟਨ, 6 ਸਤੰਬਰ (ਪੋਸਟ ਬਿਊਰੋ)- ਭਾਰਤ ਤੋਂ ਫੋਨ ਆਉਣ ਮਗਰੋਂ ਅਮਰੀਕਾ ਵਿੱਚ ਸਹੁਰੇ ਪਰਵਾਰ ਵੱਲੋਂ ਬੰਦੀ ਬਣਾਈ 33 ਸਾਲਾ ਅਪਾਹਜ ਭਾਰਤੀ ਔਰਤ ਨੂੰ ਬਚਾਇਆ ਗਿਆ ਹੈ। ਸਿਲਕੀ ਗੈਂਡ ਦੇ ਮਾਪਿਆਂ ਨੇ ਬੀਤੇ ਦਿਨੀਂ ਭਾਰਤ ਤੋਂ ਫੋਨ ਕਰਕੇ ਦੱਸਿਆ ਤਾਂ ਫਲੋਰਿਡਾ ਦੇ ਅਧਿਕਾਰੀਆਂ ਨੇ ਉਸ ਨੂੰ ਸਹੁਰਿਆਂ ਦੇ ਕਬਜ਼ੇ ਤੋਂ ਛੁਡਾਇਆ।
ਹਿੱਲਜ਼ਰਬਰੋ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਪੀੜਤ ਦੇ ਮਾਪਿਆਂ ਨੇ ਅਮਰੀਕਾ ਵਿੱਚ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਜਦੋਂ ਇਕ ਡਿਪਟੀ ਮੌਕੇ ਉਤੇ ਗਿਆ ਤਾਂ ਵਾਰ-ਵਾਰ ਖੜਕਾਉਣ ‘ਤੇ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਦੌਰਾਨ ਗੈਂਡ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤੇ ਉਸ ਨੇ ਡਾਡ ਮਾਰ ਕੇ ਆਪਣੀ ਤੇ ਆਪਣੀ ਡੇਢ ਸਾਲ ਦੀ ਬੱਚੀ ਲਈ ਮਦਦ ਮੰਗੀ। ਡਿਪਟੀ ਜਬਰੀ ਘਰ ਵਿੱਚ ਦਾਖਲ ਹੋਇਆ ਤੇ ਪਾਇਆ ਕਿ ਗੈਂਡ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ‘ਟੈਂਪਾ ਬੇਅ ਟਾਈਮਜ਼’ ਦੀ ਰਿਪੋਰਟ ਅਨੁਸਾਰ ਇਸ ਔਰਤ ਦੇ ਪਤੀ ਅਤੇ ਸਹੁਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਤਿੰਨਾਂ ਨੂੰ ਭਾਰਤ ਵਾਪਸ ਭੇਜਿਆ ਜਾ ਸਕਦਾ ਹੈ। ਸ਼ੈਰਿਫ ਦਫਤਰ ਨੇ ਕਿਹਾ ਕਿ ਸਿਲਕੀ ਤੇ ਉਸ ਦੀ ਬੱਚੀ ਨੂੰ ਸੁਰੱਖਿਅਤ ਥਾਂ ਪਹੁੰਚਾ ਦਿੱਤਾ ਹੈ।
ਜਾਂਚਕਾਰਾਂ ਨੇ ਕਿਹਾ ਕਿ ਬੀਤੇ ਦਿਨੀਂ ਲੜਾਈ ਮਗਰੋਂ 33 ਸਾਲਾ ਦੇਵਬੀਰ ਕਲਸੀ ਨੇ ਪਤਨੀ ਸਿਲਕੀ ਗੈਂਡ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ। ਜਦੋਂ ਗੈਂਡ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਕਲਸੀ ਦੇ ਪਿਤਾ ਜਸਬੀਰ ਤੇ ਮਾਂ ਭੁਪਿੰਦਰ ਨੇ ਵੀ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਗਲਤੀ ਨਾਲ ਬੱਚੀ ਦੇ ਚਿਹਰੇ ਉਤੇ ਵੀ ਸੱਟ ਲੱਗੀ।