ਅਮਰੀਕਾ ਵਿੱਚ ਡੇਢ ਲੱਖ ਘੁਸਪੈਠੀਏ ਪੁਲਸ ਨੇ ਗ੍ਰਿਫਤਾਰ ਕੀਤੇ


ਨਿਊਯਾਰਕ, 29 ਦਸੰਬਰ (ਪੋਸਟ ਬਿਊਰੋ)- ਨਾਜਾਇਜ਼ ਪਰਵਾਸੀਆਂ ਦੀ ਗ੍ਰਿਫਤਾਰੀ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਏਜੰਡੇ ਨੂੰ ਅਮਰੀਕਾ ਦਾ ਪ੍ਰਸ਼ਾਸਨ ਸਖਤੀ ਨਾਲ ਲਾਗੂ ਕਰ ਰਿਹਾ ਹੈ। ਕਰੀਬ ਇਕ ਸਾਲ ਵਿੱਚ ਅੰਦਰੂਨੀ ਸੁਰੱਖਿਆ ਨਾਲ ਜੁੜੀਆਂ ਏਜੰਸੀਆਂ ਨੇ 1,43,470 ਘੁਸਪੈਠੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪਿਛਲੇ ਸਾਲ ਦੇ ਮੁਕਾਬਲੇ ‘ਵਿੱ ਘੁਸਪੈਠੀਆਂ ਦੀ ਗ੍ਰਿਫਤਾਰੀ ਦਾ ਇਹ ਅੰਕੜਾ 42 ਫੀਸਦੀ ਵੱਧ ਹੈ।
ਵਰਨਣ ਯੋਗ ਹੈ ਕਿ ਰਾਸ਼ਟਰਪਤੀ ਚੋਣ ਦੇ ਪ੍ਰਚਾਰ ਦੌਰਾਨ ਡੋਨਾਲਡ ਟਰੰਪ ਨੇ ਨਾਜਾਇਜ਼ ਇਮੀਗ੍ਰੇਸ਼ਨ ਦੀ ਸਮੱਸਿਆ ਤੋਂ ਅਮਰੀਕਾ ਨੂੰ ਛੁਟਕਾਰਾ ਦਿਵਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਘੁਸਪੈਠੀਆਂ ਨੂੰ ਅਮਰੀਕਾ ਵਿੱਚ ਅਪਰਾਧ, ਡਰੱਗ ਤਸਕਰੀ, ਬੇਰੁਜ਼ਗਾਰੀ ਤੇ ਹੋਰ ਸਮਾਜਿਕ ਸਮੱਸਿਆਵਾਂ ਲਈ ਸਿੱਧੇ ਜ਼ਿੰਮੇਵਾਰ ਆਖਿਆ ਸੀ। ਬੀਤੀ 20 ਜਨਵਰੀ ਨੂੰ ਅਹੁਦਾ ਸੰਭਾਲਣ ਦੇ ਬਾਅਦ ਤੋਂ ਉਨ੍ਹਾਂ ਦੇ ਹੁਕਮ ਉਤੇ ਪ੍ਰਸ਼ਾਸਨ ਇਸ ਵਾਅਦੇ ਉੱਤੇ ਅਮਲ ਕਰਨ ਲੱਗ ਗਿਆ ਅਤੇ ਸਾਲ ਖਤਮ ਹੋਣ ਤੋਂ ਪਹਿਲਾਂ ਨਤੀਜਾ ਸਾਹਮਣੇ ਹੈ। ਅਮਰੀਕਾ ‘ਚ ਨਾਜਾਇਜ਼ ਆਏ 1,43,470 ਲੋਕ ਗ੍ਰਿਫਤਾਰ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਮੀਗ੍ਰੇਸ਼ਨ ਨਿਯਮਾਂ ਨੂੰ ਵੀ ਸਖਤ ਕੀਤਾ ਜਾ ਰਿਹਾ ਹੈ। ਅੱਧਾ ਦਰਜਨ ਮੁਸਲਿਮ ਦੇਸ਼ਾਂ ਤੋਂ ਲੋਕਾ ਦੇ ਆਉਣ ਨੂੰ ਵੀ ਰੋਕਿਆ ਗਿਆ ਸੀ, ਪਰ ਉਸ ਪਾਬੰਦੀ ਨੂੰ ਕੋਰਟ ਨੇ ਰੱਦ ਕਰ ਦਿੱਤਾ ਸੀ। ਇਨ੍ਹਾਂ ਤਰੀਕਿਆਂ ਨਾਲ ਜਾਇਜ਼ ਦਸਤਾਵੇਜ਼ਾਂ ਨਾਲ ਅਮਰੀਕਾ ਆਉਣ ਵਾਲਿਆਂ ਦੀ ਗਿਣਤੀ ਦੀ ਘੱਟ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਅਮਰੀਕਾ ਦੀ ਆਬਾਦੀ ਘੱਟ ਹੋਵੇਗੀ ਤੇ ਲੋਕਾਂ ਦੀਆਂ ਸਹੂਲਤਾਂ ‘ਚ ਵਾਧਾ ਹੋਵੇਗਾ। ਇਸ ਨਾਲ ਟਰੰਪ ਦੇ ‘ਅਮਰੀਕਾ ਫਰਸਟ’ ਦੇ ਨਾਅਰੇ ਨੂੰ ਮਜ਼ਬੂਤੀ ਮਿਲੇਗੀ।