ਅਮਰੀਕਾ ਵਿੱਚ ਕ੍ਰਿਪਾਨਧਾਰੀ ਸਿੱਖ ਨੂੰ ਪੁਲਸ ਨੇ ਹੱਥਕੜੀ ਲਾਈ

justin smith

ਵਾਸ਼ਿੰਗਟਨ, 19 ਜੂਨ (ਪੋਸਟ ਬਿਊਰੋ)- ਧਰਮ ਪਰਿਵਰਤਨ ਤੋਂ ਬਾਅਦਸਿੱਖ ਬਣੇ ਜੱਦੀ ਅਮਰੀਕੀ ਵਿਅਕਤੀ ਨੂੰ ਇਥੋਂ ਦੇ ਇਕ ਕਰਿਆਨਾ ਸਟੋਰ ਵਿੱਚ ਕ੍ਰਿਪਾਨ ਧਾਰਨ ਕਰਕੇ ਪੁਲਸ ਨੇ ਹੱਥਕੜੀ ਲਾ ਕੇ ਗ੍ਰਿਫਤਾਰ ਕਰ ਗਿਆ। ਇਹ ਕਾਰਵਾਈ ਇਕ ਗਾਹਕ ਵੱਲੋਂ ਪੁਲਸ ਨੂੰ ਕੀਤੇ ਫੋਨ ਤੋਂ ਬਾਅਦ ਕੀਤੀ ਗਈ।
ਮਿਲੀ ਜਾਣਕਾਰੀ ਮੁਤਾਬਕ ਜਸਟਿਨ ਸਮਿੱਥ ਤੋਂ ਸਿੱਖ ਬਣਿਆ ਹਰਪ੍ਰੀਤ ਸਿੰਘ ਖਾਲਸਾ ਨੌਂ ਸਾਲਾਂ ਤੋਂ ਕ੍ਰਿਪਾਨ ਧਾਰਨ ਕਰ ਰਿਹਾ ਹੈ। ਕੇਟਰਿੰਗ ਬਿਜ਼ਨਸ ਕਰਦੇ ਖਾਲਸਾ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਵੀ ਪੁਲਸ ਨੇ ਕਈ ਵਾਰ ਰੋਕਿਆ ਸੀ ਅਤੇ ਪਿਛਲੇ ਹਫਤੇ ਕੈਟਨਸਵਿਲੇ, ਮੈਰੀਲੈਂਡ ਵਿੱਚ ਪੈਂਦੇ ਇਕ ਕਰਿਆਨਾ ਸਟੋਰ ਦੇ ਬਾਹਰੋਂ ਗ੍ਰਿਫਤਾਰ ਕਰ ਲਿਆ। ਉਨ੍ਹਾਂ ਪੁਲਸ ਨੂੰ ਦੱਸਿਆ ਕਿ ਕ੍ਰਿਪਾਨ ਉਸ ਦੇ ਧਰਮ ਦਾ ਹਿੱਸਾ ਹੈ, ਪਰ ਪੁਲਸ ਨੇ ਉਸ ਦੀ ਤਲਾਸ਼ੀ ਲਈ, ਕ੍ਰਿਪਾਨ ਲੈ ਲਈ ਅਤੇ ਉਸ ਨੂੰ ਹੱਥਕੜੀ ਲਾ ਦਿੱਤੀ ਤੇ ਆਪਣੇ ਨਾਲ ਲੈ ਗਈ। ਬਾਅਦ ਵਿੱਚ ਪੁਲਸ ਵੱਲੋਂ ਉਸਨੂੰ ਬਿਨਾਂ ਕਿਸੇ ਦੋਸ਼ ਤੋਂ ਛੱਡ ਦਿੱਤਾ ਗਿਆ।
ਬਾਲਟੀਮੋਰ ਕਾਊਂਟੀ ਆਫੀਸਰ ਜੈਨੀਫਰ ਪੀਚ ਨੇ ਕਿਹਾ, ‘ਚਾਕੂ, ਇਕ ਕ੍ਰਿਪਾਨ ਸੀ ਅਤੇ ਉਸ ਦੇ ਧਰਮ ਦਾ ਹਿੱਸਾ ਸੀ ਅਤੇ ਇਸ ਤੋਂ ਸਮਾਜ ਨੂੰ ਕੋਈ ਖਤਰਾ ਨਹੀਂ ਸੀ।’ ਇਸ ਘਟਨਾ ਦੀ ਇਕ ਪ੍ਰਤੱਖ ਦਰਸ਼ੀ ਰਾਸ਼ੇਲ ਬੇਰੇਸਨ ਲਾਛੋਅ ਨੇ ਇਸ ਘਟਨਾ ਦੀ 54 ਸਕਿੰਟ ਦੀ ਇਕ ਵੀਡੀਓ ਆਪਣੇ ਫੇਸਬੁੱਕ ਪੇਜ਼ ‘ਤੇ ਪਾਈ ਹੈ। ਉਸ ਨੇ ਕਿਹਾ ਕਿ ਉਸ ਨੂੰ ਆਸ ਹੈ ਕਿ ਇਹ ਵੀਡੀਓ ਲੋਕਾਂ ਨੂੰ ਜਾਗਰੂਕ ਕਰੇਗੀ।