ਅਮਰੀਕਾ ਵਿੱਚ ਇੱਕ ਹੋਰ ਭਾਰਤੀ ਪਰਵਾਸੀ ਨੂੰ ਮਾਰ ਦਿੱਤਾ ਗਿਆ

harniksh patel
ਨਿਊਯਾਰਕ, 4 ਮਾਰਚ (ਪੋਸਟ ਬਿਊਰੋ)- ਅਮਰੀਕਾ ਦੇ ਕੰਸਾਸ ਵਿੱਚ ਭਾਰਤੀ ਇੰਜੀਨੀਅਰ ਸ੍ਰੀਨਿਵਾਸਨ ਦੇ ਕਤਲ ਤੋਂ ਬਾਅਦ ਹੁਣ ਇਕ ਹੋਰ ਕਤਲ ਦਾ ਮਾਮਲਾ ਸਾਹਮਣੇ ਆ ਗਿਆ ਹੈ। ਭਾਰਤੀ ਮੂਲ ਦੇ ਹਰਨਿਕਸ਼ ਪਟੇਲ (43) ਦੀ ਦੱਖਣੀ ਕੈਰੋਲੀਨਾ ਵਿੱਚ ਉਸ ਦੇ ਘਰ ਅੱਗੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਵੀਰਵਾਰ ਰਾਤ ਤਕਰੀਬਨ 11.24 ਵਜੇ ਹਰਨਿਕਸ਼ ਪਟੇਲ ਨੇ ਆਪਣੀ ਦੁਕਾਨ ਬੰਦ ਕੀਤੀ ਤੇ ਘਰ ਨੂੰ ਚੱਲ ਪਿਆ। ਇਸ ਦੇ 10 ਮਿੰਟ ਮਗਰੋਂ ਲੰਕਾਸਟਰ ਦੇ ਘਰ ਤੋਂ ਕੁਝ ਦੂਰ ਕਿਸੇ ਨੇ ਗੋਲੀ ਮਾਰ ਕੇ ਹਰਨਿਕਸ਼ ਦਾ ਕਤਲ ਕਰ ਦਿੱਤਾ।
ਵੀਰਵਾਰ ਰਾਤ ਇਕ ਔਰਤ ਨੇ ਫੋਨ ਕਰ ਕੇ ਪੁਲਸ ਨੂੰ ਦੱਸਿਆ ਕਿ ਉਸ ਨੇ ਚੀਕਣ ਅਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਹਨ। ਪੁਲਸ ਜਦ ਘਟਨਾ ਵਾਲੇ ਸਥਾਨ ਉੱਤੇ ਪੁੱਜੀ ਤਾਂ ਉਸ ਨੇ ਹਰਨਿਕਸ਼ ਨੂੰ ਉਸ ਦੇ ਘਰ ਤੋਂ ਕੁਝ ਹੀ ਫੁੱਟ ਦੀ ਦੂਰੀ ਉੱਤੇ ਮਰਿਆ ਹੋਇਆ ਪਾਇਆ। ਹਰਨਿਕਸ਼ ਦੇ ਕਤਲ ਕਰਨ ਵਾਲੇ ਨੂੰ ਪੁਲਸ ਅਜੇ ਤਕ ਲੱਭ ਨਹੀਂ ਸਕੀ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਲੰਕਾਸਟਰ ਕਾਊਂਟੀ ਦੇ ਸ਼ੈਰਿਫ ਬੈਰੀ ਫੈਲੇ ਨੇ ਦੱਸਿਆ ਕਿ ਏਦਾਂ ਨਹੀਂ ਲੱਗਦਾ ਕਿ ਘਟਨਾ ਦਾ ਕਾਰਨ ਪਟੇਲ ਦਾ ਭਾਰਤੀ ਹੋਣਾ ਹੀ ਹੋਵੇ। ਫੈਲੇ ਨੇ ਕਿਹਾ, ‘ਮੇਰੇ ਕੋਲ ਇਸ ਗੱਲ ਉੱਤੇ ਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀਂ ਕਿ ਇਹ ਨਸਲੀ ਨਫਰਤ ਦੇ ਕਾਰਨ ਹੋਇਆ ਹੈ। ਹਰਨਿਕਸ਼ ਪਟੇਲ ਦੇ ਇੱਕ ਦੋਸਤ ਨੇ ਕਿਹਾ ਕਿ ਉਹ ਵਪਾਰ ਦੇ ਲਾਭ-ਹਾਨ ਬਾਰੇ ਚਿੰਤਾ ਨਹੀਂ ਕਰਦਾ ਸੀ। ਜੇ ਕਿਸੇ ਕੋਲ ਪੈਸੇ ਨਾ ਹੁੰਦੇ, ਫਿਰ ਵੀ ਉਹ ਲੋਕਾਂ ਨੂੰ ਖਾਣ-ਪੀਣ ਦਾ ਸਾਮਾਨ ਦੇ ਦਿੰਦਾ ਸੀ। ਪਟੇਲ ਦੇ ਇਕ ਦੋਸਤ ਤੇ ਗਾਹਕ ਮਾਰਿਆ ਸੈਡਲੇਰ ਨੇ ਕਿਹਾ ਕਿ ਪਟੇਲ ਨੇ ਉਸ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਸੀ। ਉਸ ਨੇ ਕਿਹਾ ਕਿ ਉਹ ਹਰ ਕਿਸੇ ਦੀ ਮਦਦ ਕਰਨ ਨੂੰ ਤਿਆਰ ਰਹਿੰਦਾ ਸੀ।