ਅਮਰੀਕਾ ਵਿੱਚ ਇੱਕ ਸਿੱਖ ਮੇਅਰ ਨੂੰ ਪਰਵਾਰ ਸਮੇਤ ਜਾਨੋਂ ਮਾਰਨ ਦੀ ਧਮਕੀ


ਹਿਊਸਟਨ, 19 ਫਰਵਰੀ (ਪੋਸਟ ਬਿਊਰੋ)- ਅਮਰੀਕਾ ਦੇ ਨਿਊਜਰਸੀ ਨੇੜਲੇ ਇੱਕ ਛੋਟੇ ਸ਼ਹਿਰ ਹੋਬੋਕਨ ਦੇ ਪਹਿਲੇ ਸਿੱਖ ਮੇਅਰ ਬਣਨ ਵਾਲੇ ਭਾਰਤੀ ਅਮਰੀਕੀ ਨਾਗਰਿਕ ਰਵਿੰਦਰ ਸਿੰਘ ਭੱਲਾ ਨੇ ਜਨਤਕ ਤੌਰ ‘ਤੇ ਕਿਹਾ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ।
ਸਥਾਨਕ ਸਿਟੀ ਹਾਲ ਵਿੱਚ ਸੁਰੱਖਿਆ ਦੀ ਉਲੰਘਣਾ ਪਿੱਛੋਂ ਭੱਲਾ ਨੇ ਕੱਲ੍ਹ ਇਥੇ ਜਾਰੀ ਬਿਆਨ ਵਿੱਚ ਕਿਹਾ ਕਿ ਸਿਟੀ ਹਾਲ ਦੀ ਸੁਰੱਖਿਆ ਵਧਾਉਣ ਲਈ ਐੱਫ ਬੀ ਆਈ ਦੀ ਅੱਤਵਾਦ ਰੋਕੂ ਸਾਂਝੀ ਟਾਸਕ ਫੋਰਸ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਭੱਲਾ ਨੇ ਧਮਕੀ ਬਾਰੇ ਵਿਸਥਾਰ ਵਿੱਚ ਕਿਹਾ ਕਿ ਮੈਨੂੰ ਅਤੇ ਮੇਰੇ ਪਰਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਾ ਮਿਲਣਾ ਮੰਦਭਾਗਾ ਹੈ। ਸਾਨੂੰ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਸ਼ਹਿਰ ਦੇ ਬੁਲਾਰੇ ਨੇ ਦੱਸਿਆ ਕਿ ਜਿਸ ਸਿਟੀ ਹਾਲ ਦੀ ਗੱਲ ਭੱਲਾ ਕਰ ਰਹੇ ਹਨ, ਉਥੇ ਇੱਕ ਵਿਅਕਤੀ ਜਬਰੀ ਦਾਖਲ ਹੋਇਆ ਸੀ। ਸੁਰੱਖਿਆ ਜਾਂਚ ਤੋਂ ਪਹਿਲਾਂ ਉਸ ਨੇ ਕਿਹਾ ਸੀ ਕਿ ਉਹ ਵਾਸ਼ਰੂਮ ਜਾਣਾ ਚਾਹੁੰਦਾ ਹੈ। ਭੱਲਾ ਉਸ ਸਮੇਂ ਆਪਣੇ ਦਫਤਰ ‘ਚ ਨਹੀਂ ਸੀ। ਭੱਲਾ ਦੇ ਇੱਕ ਅਧਿਕਾਰੀ ਨੇ ਦੇਖਿਆ ਕਿ ਉਕਤ ਵਿਅਕਤੀ ਭੱਲਾ ਦੇ ਦਫਤਰ ਦੇ ਬਾਹਰ ਇੱਕ ਬੈਗ ਸੁੱਟ ਕੇ ਭੱਜ ਗਿਆ। ਸਾਂਝੀ ਟਾਸਕ ਫੋਰਸ ਨੇ ਸਿਟੀ ਹਾਲ ਦਾ ਮੁਆਇਨਾ ਕੀਤਾ ਅਤੇ ਉਥੇ ਸਭ ਮੁਲਾਜ਼ਮਾਂ ਦੀ ਸੁਰੱਖਿਆ ਵਧਾਉਣ ਸੰਬੰਧੀ ਸੋਚ-ਵਿਚਾਰ ਕੀਤੀ। ਇਥੇ ਇਹ ਗੱਲ ਦੱਸਣਯੋਗ ਹੈ ਕਿ ਰਵਿੰਦਰ ਸਿੰਘ ਭੱਲਾ ਭਾਰੀ ਮੁਕਾਬਲੇ ਪਿੱਛੋਂ ਹੋਬੋਕਨ ਸ਼ਹਿਰ ਦੇ ਮੇਅਰ ਬਣਨ ਵਾਲੇ ਪਹਿਲੇ ਸਿੱਖ ਹਨ।