ਅਮਰੀਕਾ ਵਿੱਚ ਅਸਥਿਰਤਾ ਦਰਮਿਆਨ ਟਰੂਡੋ ਸਰਕਾਰ ਇਸ ਹਫਤੇ ਕਰੇਗੀ ਬਜਟ ਪੇਸ਼

SKP107392981ਓਟਵਾ, 19 ਮਾਰਚ (ਪੋਸਟ ਬਿਊਰੋ) : ਅਮਰੀਕਾ ਵਿੱਚ ਆਰਥਿਕ ਅਸਥਿਰਤਾ ਦੇ ਚੱਲਦਿਆਂ ਟਰੂਡੋ ਸਰਕਾਰ ਇਸ ਹਫਤੇ ਆਪਣਾ ਬਜਟ ਪੇਸ਼ ਕਰਨ ਜਾ ਰਹੀ ਹੈ। ਪਰ ਗੁਆਂਢੀ ਮੁਲਕ ਵਿਚਲੇ ਹਾਲਾਤ ਕਾਰਨ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਆਪਣੇ ਕਈ ਫੈਸਲਿਆਂ ਵਿੱਚ ਤਬਦੀਲੀਆਂ ਕਰਨੀਆਂ ਪੈ ਸਕਦੀਆਂ ਹਨ।
ਹਾਲ ਦੀ ਘੜੀ ਤਾਂ ਅਮਰੀਕੀ ਅਰਥਚਾਰੇ ਵਿੱਚ ਆਈ ਮਜ਼ਬੂਤੀ ਨਾਲ ਕੈਨੇਡਾ ਨੂੰ ਫਾਇਦਾ ਹੋ ਰਿਹਾ ਹੈ। ਵਿੱਤ ਮੰਤਰੀ ਬਿੱਲ ਮੌਰਨਿਊ ਪੂਰੀ ਸਕਾਰਾਤਮਕਤਾ ਨਾਲ ਬੁੱਧਵਾਰ ਨੂੰ ਦੇਸ਼ ਦਾ ਬਜਟ ਪੇਸ਼ ਕਰਨਗੇ। ਪਿਛਲੇ ਕੁੱਝ ਮਹੀਨਿਆਂ ਵਿੱਚ ਵਪਾਰ ਤੋਂ ਲੈ ਕੇ ਲੇਬਰ ਤੇ ਹਾਊਸਿੰਗ ਦੇ ਖੇਤਰ ਵਿੱਚ ਹੋਏ ਸਿਹਤਮੰਦ ਵਾਧੇ ਕਾਰਨ ਭਵਿੱਖ ਸਬੰਧੀ ਕਿਆਫੇ ਲਾਉਣ ਵਾਲਿਆਂ ਨੂੰ ਆਰਥਿਕ ਵਿਕਾਸ ਦੀ ਸੰਭਾਵਨਾਂ ਨਜ਼ਰ ਆਉਣ ਲੱਗੀ ਹੈ।
ਕਈਆਂ ਦਾ ਮੰਨਣਾ ਹੈ ਕਿ ਇਨ੍ਹਾਂ ਸੁਧਾਰਾਂ ਨਾਲ ਓਟਵਾ ਨੂੰ ਉਸ ਦੇ ਮੁਕਾਬਲੇ ਨਿੱਕਾ ਸਾਲਾਨਾ ਘਾਟਾ ਪਵੇਗਾ ਜਿਸ ਦੀ ਪਿਛਲੇ ਸਾਲ ਸਰਕਾਰ ਵੱਲੋਂ ਪੇਸ਼ੀਨਿਗੋਈ ਕੀਤੀ ਗਈ ਸੀ। ਆਮ ਹਾਲਾਤ ਵਿੱਚ ਇਸ ਸਕਾਰਾਤਮਕ ਵਿਚਾਰ ਨਾਲ ਸਰਕਾਰ ਨੂੰ ਆਪਣਾ ਬਜਟ ਤਿਆਰ ਕਰਨ ਸਮੇਂ ਕਾਫੀ ਮਦਦ ਮਿਲਣੀ ਚਾਹੀਦੀ ਸੀ। ਪਰ ਕੈਨੇਡਾ ਦਾ ਮੌਜੂਦਾ ਆਰਥਿਕ ਮਾਹੌਲ ਆਮ ਨਾਲੋਂ ਹਟਕੇ ਹੈ।
ਨਵੰਬਰ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਜਿੱਤ ਕਾਰਨ ਹੀ ਇਹ ਆਰਥਿਕ ਅਸਥਿਰਤਾ ਆਈ ਹੈ ਕਿਉਂਕਿ ਅਜੇ ਤੱਕ ਅਮਰੀਕਾ ਕੈਨੇਡਾ ਦਾ ਸੱਭ ਤੋਂ ਵੱਡਾ ਟਰੇਡਿੰਗ ਭਾਈਵਾਲ ਰਿਹਾ ਹੈ। ਪਿੱਛੇ ਜਿਹੇ ਹੋਏ ਆਰਥਿਕ ਸੁਧਾਰਾਂ ਦੇ ਬਾਵਜੂਦ ਟਰੇਡ ਤੇ ਟੈਕਸ ਨੀਤੀਆਂ ਵਿੱਚ ਵੱਡੇ ਬਦਲਾਵ ਕਰਨ ਦੇ ਸੰਕੇਤਾਂ ਦੇ ਚੱਲਦਿਆਂ ਅਮਰੀਕੀ ਪ੍ਰਸਤਾਵਾਂ ਲਈ ਕੈਨੇਡਾ ਕਾਫੀ ਫਿਕਰਮੰਦ ਹੈ। ਕਈਆਂ ਦਾ ਮੰਨਣਾ ਹੈ ਕਿ ਇਨ੍ਹਾਂ ਤਬਦੀਲੀਆਂ, ਜਿਨ੍ਹਾਂ ਵਿੱਚ ਬਾਰਡਰ ਐਡਜਸਟਮੈਂਟ ਟੈਕਸ ਵੀ ਸ਼ਾਮਲ ਹੋ ਸਕਦਾ ਹੈ, ਦੇ ਸਰਹੱਦ ਦੇ ਇਸ ਪਾਰ ਕਾਫੀ ਖਤਰਨਾਕ ਆਰਥਿਕ ਨਤੀਜੇ ਨਿਕਲ ਸਕਦੇ ਹਨ।
ਹਾਲ ਦੀ ਘੜੀ, ਕਈ ਤਰ੍ਹਾਂ ਦੇ ਅੰਦੇਸਿ਼ਆਂ ਦੇ ਚੱਲਦਿਆਂ ਸੂਤਰਾਂ ਅਨੁਸਾਰ ਓਟਵਾ ਦੀ ਟਰੰਪ ਨਾਲ ਸਬੰਧਤ ਤੌਖਲਿਆਂ ਨੂੰ ਸਿੱਧੇ ਤੌਰ ਉੱਤੇ ਸੰਬੋਧਿਤ ਕਰਨ ਦੀ ਕੋਈ ਯੋਜਨਾ ਨਹੀਂ ਹੈ। ਆਉਣ ਵਾਲੇ ਸਮੇਂ ਵਿੱਚ ਅਮਰੀਕਾ ਕਿਹੋ ਜਿਹੀਆਂ ਤਬਦੀਲੀਆਂ ਲਿਆਵੇਗਾ ਤੇ ਕੈਨੇਡਾ ਉਸ ਬਾਰੇ ਕਿਹੋ ਜਿਹੀ ਪ੍ਰਤੀਕਿਰਿਆ ਦੇਵੇਗਾ ਇਹ ਉਦੋਂ ਹੀ ਪਤਾ ਲੱਗ ਸਕੇਗਾ।
ਕਾਨਫਰੰਸ ਬੋਰਡ ਆਫ ਕੈਨੇਡਾ ਦੇ ਚੀਫ ਇਕਨਾਮਿਸਟ ਕ੍ਰੇਗ ਅਲੈਗਜ਼ੈਂਡਰ ਦਾ ਕਹਿਣਾ ਹੈ ਕਿ ਇਸ ਸਾਲ ਸਰਕਾਰ ਕੈਨੇਡੀਅਨ ਅਰਥਚਾਰੇ ਨੂੰ ਪ੍ਰਭਾਵਿਤ ਕਰ ਸਕਣ ਵਾਲੇ ਜੀਓਪੁਲੀਟਿਕਲ ਖਤਰਿਆਂ ਬਾਰੇ ਕਿਸੇ ਕਿਸਮ ਦੀ ਸਪਸ਼ਟ ਧਾਰਨਾਂ ਤੋਂ ਬਿਨਾਂ ਹੀ ਬਜਟ ਤਿਆਰ ਕਰ ਰਹੀ ਹੈ। ਇੱਥੋਂ ਤੱਕ ਕਿ ਡਿਫੈਂਸ ਤੇ ਕੌਮਾਂਤਰੀ ਏਡ ਬਾਰੇ ਖਰਚਾ ਕਰਨ ਸਬੰਧੀ ਫੈਸਲੇ ਵੀ ਇਸ ਸਾਲ ਦੇ ਅੰਤ ਤੱਕ ਬਦਲ ਸਕਦੇ ਹਨ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਟਰੰਪ ਵੱਲੋਂ ਅਜੇ ਕੋਈ ਠੋਸ ਆਰਥਿਕ ਕਦਮ ਨਹੀਂ ਚੁੱਕੇ ਗਏ ਹਨ ਪਰ ਫਿਰ ਵੀ ਇਨ੍ਹਾਂ ਦਾ ਕੈਨੇਡਾ ਉੱਤੇ ਨਕਾਰਾਤਮਕ ਅਸਰ ਸਾਫ ਵੇਖਣ ਨੂੰ ਮਿਲ ਰਿਹਾ ਹੈ।