ਅਮਰੀਕਾ ਵਿੱਚ ਅਲ ਕਾਇਦਾ ਦਾ ਦਹਿਸ਼ਤਗਰਦ ਦੋਸ਼ੀ ਕਰਾਰ

al qauida fighter

ਨਿਊਯਾਰਕ, 20 ਮਾਰਚ (ਪੋਸਟ ਬਿਊਰੋ)- ਅਮਰੀਕਾ ਦੀ ਇਕ ਅਦਾਲਤ ਨੇ ਅਫਗਾਨਿਸਤਾਨ ਵਿੱਚ ਅਮਰੀਕੀ ਫੌਜੀਆਂ ਦੀ ਹੱਤਿਆ ਅਤੇ ਨਾਈਜੀਰੀਆ ਵਿੱਚ ਅਮਰੀਕੀ ਦੂਤਘਰ ਵਿੱਚ ਬੰਬ ਧਮਾਕੇ ਦੀ ਸਾਜ਼ਿਸ਼ ਬਣਾਉਣ ਸਣੇ ਕਈ ਅੱਤਵਾਦੀ ਜੁਰਮਾਂ ਲਈ ਅਲ ਕਾਇਦਾ ਦੇ ਇਕ ਅੱਤਵਾਦੀ ਨੂੰ ਦੋਸ਼ੀ ਪਾਇਆ ਹੈ। ਇਹ ਅੱਤਵਾਦੀ ਪਾਕਿਸਤਾਨ ਜਾ ਚੁੱਕਾ ਸੀ ਤੇ ਇਸ ਦੌਰਾਨ ਉਸ ਨੇ ਅੱਤਵਾਦੀ ਸੰਗਠਨ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ ਸੀ।
ਨਾਈਜੀਰੀਆ ਦੇ ਰਹਿਣ ਵਾਲੇ 46 ਸਾਲ ਦੇ ਇਬਰਾਹਿਮ ਸੁਲੇਮਾਨ ਅਦਨਾਨ ਆਦਮ ਹਾਰੂਨ ਨੂੰ ਅਮਰੀਕੀ ਨਾਗਰਿਕਾਂ ਦੇ ਕਤਲ ਦੀ ਸਾਜ਼ਿਸ਼, ਸਰਕਾਰੀ ਥਾਵਾਂ ਉੱਤੇ ਬੰਬ ਨਾਲ ਹਮਲਾ ਕਰਨ ਦੀ ਸਾਜ਼ਿਸ਼, ਵਿਦੇਸ਼ੀ ਅੱਤਵਾਦੀ ਸੰਗਠਨ ਅਲ ਕਾਇਦਾ ਨੂੰ ਸਮੱਗਰੀ ਹਾਸਲ ਕਰਵਾਉਣ ਤੇ ਅੱਤਵਾਦੀ ਸਰਗਰਮੀਆਂ ਲਈ ਧਮਾਕਾਖੇਜ਼ ਪਦਾਰਥਾਂ ਦੀ ਵਰਤੋਂ ਕਰਨ ਸਣੇ ਪੰਜਾਂ ਦੋਸ਼ਾਂ ਵਿੱਚ ਜਿਊਰੀ ਨੇ ਦੋਸ਼ੀ ਪਾਇਆ ਹੈ। ਜੂਨ ‘ਚ ਜਦ ਉਸ ਨੂੰ ਸਜ਼ਾ ਸੁਣਾਈ ਗਈ ਸੀ ਤਾਂ ਉਸ ਨੂੰ ਉਮਰ ਕੈਦ ਹੋਈ ਸੀ। ਅਮਰੀਕਾ ਵਿੱਚ 11 ਸਤੰਬਰ ਨੂੰ ਕੀਤੇ ਗਏ ਹਮਲੇ ਤੋਂ ਕੁਝ ਹਫਤੇ ਪਹਿਲਾਂ ਹਾਰੂਨ ਅਫਗਾਨਿਸਤਾਨ ਗਿਆ ਸੀ ਤੇ ਅਲ ਕਾਇਦਾ ਨਾਲ ਜੁੜ ਗਿਆ ਸੀ। ਉਸ ਨੂੰ ਓਥੇ ਕੈਂਪ ‘ਚ ਸਿਖਲਾਈ ਦਿੱਤੀ ਗਈ ਤੇ ਉਸ ਨੇ ਅਫਗਾਨਿਸਤਾਨ ਵਿੱਚ ਅਮਰੀਕੀ ਫੌਜੀਆਂ ਉੱਤੇ ਹੋਏ ਹਮਲੇ ਵਿੱਚ ਹਿੱਸਾ ਲਿਆ, ਜਿਸ ਵਿੱਚ 2003 ‘ਚ ਅਮਰੀਕੀ ਫੌਜ ਦੇ ਦੋ ਮੈਂਬਰ ਮਾਰੇ ਗਏ ਸਨ ਤੇ ਕਈ ਹੋਰ ਜ਼ਖਮੀ ਹੋ ਗਏ ਸਨ। ਉਸ ਨੇ ਅਲ ਕਾਇਦਾ ਦੇ ਇਕ ਹਥਿਆਰ ਮਾਹਰ ਤੋਂ ਸਿਖਲਾਈ ਲਈ ਤੇ ਨਾਈਜੀਰੀਆ ‘ਚ ਅਮਰੀਕੀ ਸੰਸਥਾਵਾਂ ‘ਤੇ ਹਮਲੇ ਲਈ ਪਾਕਿਸਤਾਨ ਤੋਂ ਨਾਈਜੀਰੀਆ ਗਿਆ ਸੀ। ਕੌਮੀ ਸੁਰੱਖਿਆ ਮਾਮਲਿਆਂ ਦੇ ਸਹਾਇਕ ਅਟਾਰਨੀ ਜਨਰਲ ਮੈਰੀ ਵੀ ਮੈਕਾਰਡ ਨੇ ਕਿਹਾ ਕਿ ਹਾਰੂਨ ਇਕ ਅਲ ਕਾਇਦਾ ਅੱਤਵਾਦੀ ਹੈ, ਜਿਸ ਨੇ ਅਮਰੀਕੀ ਲੋਕਾਂ ਤੇ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ।