ਅਮਰੀਕਾ ਭਾਰਤ ਵਿੱਚ ਕੰਪਨੀਆਂ ਲਈ ਬਰਾਬਰੀ ਦਾ ਹੱਕ ਭਾਲਦੈ


ਵਾਸ਼ਿੰਗਟਨ, 19 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਆਪਣੀਆਂ ਕੰਪਨੀਆਂ ਲਈ ਭਾਰਤ ‘ਚ ਬਰਾਬਰੀ ਦਾ ਬਾਜ਼ਾਰ ਚਾਹੁੰਦਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਵਿੱਚ ਦੱਖਣ ਅਤੇ ਕੇਂਦਰੀ ਏਸ਼ੀਆ ਮਾਮਲਿਆਂ ਦੀ ਮੁੱਖ ਉਪ ਸਹਾਇਕ ਮੰਤਰੀ ਐਲਿਸ ਵੇਲਸ ਨੇ ਕਿਹਾ ਕਿ ਸਰਕਾਰ ਅਮਰੀਕੀ ਕੰਪਨੀਆਂ ਲਈ ਭਾਰਤ ‘ਚ ਪਹੁੰਚ ਬਾਰੇ ਭੇਦਭਾਵ ਤੇ ਹੋਰ ਕਾਰੋਬਾਰੀ ਰੁਕਾਵਟਾਂ ਦੇ ਹੱਲ ਲਈ ਭਾਰਤ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਵੇਲਸ ਨੇ ਕਿਹਾ ਕਿ ਅਮਰੀਕਾ ਜਹਾਜ਼ਰਾਨੀ, ਊਰਜਾ ਤੇ ਰੱਖਿਆ ਖੇਤਰ ਦੇ ਸੌਦਿਆਂ ਰਾਹੀਂ ਭਾਰਤ-ਅਮਰੀਕਾ ਕਾਰੋਬਾਰੀ ਸੰਬੰਧਾਂ ਦੀਆਂ ਸਮਰੱਥਾਵਾਂ ਦੀ ਪਛਾਣ ਕਰਨੀ ਚਾਹੁੰਦਾ ਹੈ। ਪਿਛਲੇ ਇਕ ਦਹਾਕੇ ਦੌਰਾਨ ਭਾਰਤ ਦੇ ਨਾਲ ਸਾਡਾ ਦੁਵੱਲਾ ਕਾਰੋਬਾਰ ਦੁੱਗਣੇ ਤੋਂ ਜ਼ਿਆਦਾ ਵਧ ਚੁੱਕਿਆ ਹੈ। ਫਿਰ ਵੀ ਅਸੀਂ ਅਮਰੀਕੀ ਕਾਰੋਬਾਰੀ ਮੌਕੇ ਨਿਸ਼ਚਿਤ ਕਰਨ ਲਈ ਭਾਰਤ ਨਾਲ ਲਗਾਤਾਰ ਕੰਮ ਕਰ ਰਹੇ ਹਾਂ। ਵੇਲਸ ਨੇ ਇਹ ਵੀ ਕਿਹਾ ਕਿ ਕਿਸੇ ਵੱਡੇ ਰਿਸ਼ਤੇ ਵਾਂਗ ਭਾਰਤ ਅਮਰੀਕੀ ਦੁਵੱਲੇ ਕਾਰੋਬਾਰ ‘ਚ ਕਦੇ-ਕਦੇ ਕੁਝ ਮਸਲੇ ਆ ਸਕਦੇ ਹਨ, ਪਰ ਦੋਵਾਂ ਦੇਸ਼ਾਂ ਦੀ ਸੀਨੀਅਰ ਲੀਡਰਸ਼ਿਪ ਇਸ ਨਾਲ ਸਹਿਮਤ ਹੋ ਕੇ ਭਾਰਤ ਅਮਰੀਕਾ ਦੁਵੱਲੇ ਰਿਸ਼ਤੇ ਇੰਨੇ ਮਹੱਤਵ ਪੂਰਨ ਹਨ ਕਿ ਕਿਸੇ ਇਕ ਮਸਲੇ ‘ਤੇ ਅਸਹਿਮਤੀ ਇਨ੍ਹਾਂ ਰਿਸ਼ਤਿਆਂ ਦੇ ਰਾਹ ‘ਚ ਰੋੜਾ ਨਹੀਂ ਬਣ ਸਕਦੀ।