ਅਮਰੀਕਾ ਨੇ ਸੀਰੀਆਈ ਜਹਾਜ਼ ਫੁੰਡਿਆ

syrian military
ਵਾਸਿ਼ੰਗਟਨ, 18 ਜੂਨ (ਪੋਸਟ ਬਿਊਰੋ) : ਸੀਰੀਆ ਵਿੱਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨਾਲ ਚੱਲ ਰਹੀ ਜੰਗ ਵਿੱਚ ਅਮਰੀਕੀ ਫੌਜਾਂ ਦਾ ਸਾਥ ਦੇ ਰਹੀਆਂ ਸਥਾਨਕ ਸੈਨਾਵਾਂ ਉੱਤੇ ਬੰਬ ਸੁੱਟਣ ਵਾਲੇ ਸੀਰੀਆਈ ਏਅਰ ਫੋਰਸ ਦੇ ਜਹਾਜ਼ ਨੂੰ ਅਮਰੀਕੀ ਫੌਜ ਨੇ ਫੁੰਡ ਦਿੱਤਾ। ਇਸ ਨਾਲ ਪਹਿਲਾਂ ਤੋਂ ਹੀ ਚੱਲ ਰਹੇ ਸੰਘਰਸ਼ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।
ਪੈਂਟਾਗਨ ਦੇ ਬੁਲਾਰੇ ਤੇ ਨੇਵੀ ਕੈਪਟਨ ਜੈੱਫ ਡੇਵਿਸ ਨੇ ਆਖਿਆ ਕਿ ਐਤਵਾਰ ਨੂੰ ਹੋਏ ਮੁਕਾਬਲੇ ਤੋਂ ਪਹਿਲਾਂ ਅਮਰੀਕਾ ਨੇ ਸੀਰੀਆ ਦਾ ਕੋਈ ਜਹਾਜ਼ ਨਹੀਂ ਸੀ ਫੁੰਡਿਆ। ਅਮਰੀਕਾ ਦਾ ਕਹਿਣਾ ਹੈ ਕਿ ਜਦੋਂ ਤੋਂ ਉਸ ਨੇ ਸੀਰੀਆ ਦੀਆਂ ਵਿਰੋਧੀ ਧਿਰਾਂ ਨੂੰ ਆਈਐਸ ਖਿਲਾਫ ਲੜਾਈ ਲਈ ਰਕਰੂਟ ਕਰਨਾ, ਸਿਖਲਾਈ ਦੇਣੀ ਤੇ ਸਲਾਹ ਦੇਣੀ ਸ਼ੁਰੂ ਕੀਤੀ ਹੈ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਉਸ ਨੇ ਅਜਿਹਾ ਕਦਮ ਚੁੱਕਿਆ ਹੋਵੇ।
ਅਮਰੀਕਾ ਦੀ ਅਗਵਾਈ ਵਾਲੇ ਗੱਠਜੋੜ ਦਾ ਹੈੱਡਕੁਆਰਟਰ ਇਰਾਕ ਵਿੱਚ ਹੈ ਤੇ ਇੱਕ ਲਿਖਤੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਅਮਰੀਕਾ ਦੇ ਐਫ-18 ਸੁਪਰ ਹੌਰਨੈੱਟ ਨੇ ਉਸ ਸਮੇਂ ਸੀਰੀਆਈ ਸਰਕਾਰ ਦੇ ਐਸਯੂ-22 ਜਹਾਜ਼ ਨੂੰ ਮਾਰ ਗਿਰਾਇਆ ਜਦੋਂ ਉਸ ਨੇ ਅਮਰੀਕਾ ਦੀਆਂ ਭਾਈਵਾਲ ਸੈਨਾਵਾਂ, ਜਿਨ੍ਹਾਂ ਨੂੰ ਸੀਰੀਅਨ ਡੈਮੋਕ੍ਰੈਟਿਕ ਫੋਰਸਿਜ਼ ਵਜੋਂ ਵੀ ਜਾਣਿਆ ਜਾਂਦਾ ਹੈ, ਲਾਗੇ ਬੰਬ ਸੁੱਟਿਆ।
ਇਹ ਘਟਨਾ ਤਬਕਾ ਨੇੜੇ ਵਾਪਰੀ ਜੋ ਸੀਰੀਆ ਦੇ ਇੱਕ ਅਜਿਹੇ ਇਲਾਕੇ ਵਿੱਚ ਵੱਸਿਆ ਟਾਊਨ ਹੈ ਜੋ ਕਿ ਐਸਡੀਐਫ ਵੱਲੋਂ ਆਈਐਸ ਅੱਤਵਾਦੀਆਂ ਨਾਲ ਚੱਲ ਰਹੀ ਲੜਾਈ ਦਾ ਇੱਕ ਹਫਤੇ ਤੋਂ ਗੜ੍ਹ ਬਣਿਆ ਹੋਇਆ ਹੈ। ਐਸਡੀਐਫ ਨੇ ਰੱਕਾ ਸ਼ਹਿਰ ਦੁਆਲੇ ਘੇਰਾ ਪਾ ਲਿਆ ਹੈ ਤੇ ਇਸ ਨੂੰ ਆਈਐਸ ਤੋਂ ਛੁਡਵਾਉਣਾ ਚਾਹੁੰਦੀ ਹੈ।
ਅਮਰੀਕੀ ਫੌਜ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਹੈ ਕਿ ਉਨ੍ਹਾਂ ਨੇ ਆਪਣੀਆਂ ਭਾਈਵਾਲ ਸੈਨਾਵਾਂ ਦੀ ਹਮਾਇਤ ਵਿੱਚ ਇਹ ਕਾਰਵਾਈ ਕੀਤੀ ਹੈ ਤੇ ਅਮਰੀਕਾ ਨਾ ਤਾਂ ਸੀਰੀਆਈ ਸਰਕਾਰ ਤੇ ਨਾ ਹੀ ਉਸ ਦੇ ਰੂਸੀ ਸਮਰਥਕਾਂ ਨਾਲ ਲੜਾਈ ਕਰਨਾ ਚਾਹੁੰਦਾ ਹੈ। ਪਰ ਆਪਣੀਆਂ ਭਾਈਵਾਲ ਸੈਨਾਵਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਵੀ ਨਹੀਂ ਬਖਸ਼ੇਗਾ। ਪੈਂਟਾਗਨ ਨੇ ਇਹ ਵੀ ਆਖਿਆ ਸਾਡੇ ਗੱਠਜੋੜ ਦਾ ਮਕਸਦ ਇਰਾਕ ਤੇ ਸੀਰੀਆ ਵਿੱਚ ਆਈਐਸਆਈਐਸ ਨੂੰ ਭਾਂਜ ਦੇਣਾ ਹੈ।