ਅਮਰੀਕਾ ਨੇ ਵੀਜ਼ਾ ਨਿਯਮ ਹੋਰ ਸਖਤ ਕੀਤੇ


ਵਾਸ਼ਿੰਗਟਨ, 31 ਮਾਰਚ (ਪੋਸਟ ਬਿਊਰੋ)- ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੀਜ਼ਾ ਦੇ ਨਿਯਮ ਹੋਰ ਸਖਤ ਕਰ ਦਿੱਤੇ ਗਏ ਹਨ। ਵੀਜ਼ਾ ਅਰਜ਼ੀ ਦੇਣ ਵਾਲਿਆਂ ਨੂੰ ਅੱਗੇ ਤੋਂ ਆਪਣੇ ਪੁਰਾਣੇ ਮੋਬਾਈਲ ਨੰਬਰਾਂ, ਈ ਮੇਲ ਆਈ ਡੀ ਅਤੇ ਸੋਸ਼ਲ ਮੀਡੀਆ ਦੇ ਇਤਿਹਾਸ ਸਮੇਤ ਕਈ ਹੋਰ ਸੂਚਨਾਵਾਂ ਵੀ ਦੇਣੀਆਂ ਪੈਣਗੀਆਂ।
ਡੋਨਾਲਡ ਟਰੰਪ ਸਰਕਾਰ ਨੇ ਵੀਜ਼ਾ ਵਿਵਸਥਾ ਨੂੰ ਸਖਤ ਬਣਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਦੇਸ਼ ਲਈ ਖਤਰਾ ਬਣ ਸਕਣ ਵਾਲੇ ਲੋਕਾਂ ਨੂੰ ਅਮਰੀਕਾ ਆਉਣ ਤੋਂ ਰੋਕਿਆ ਜਾਵੇ। ਫੈਡਰਲ ਰਜਿਸਟਰ ‘ਤੇ ਬੀਤੇ ਦਿਨੀਂ ਛਪੇ ਇਕ ਦਸਤਾਵੇਜ਼ ਅਨੁਸਾਰ ਸ਼ਰਨਾਰਥੀ ਵੀਜ਼ਾ ਉੱਤੇ ਅਮਰੀਕਾ ਆਉਣ ਦੇ ਚਾਹਵਾਨ ਵਿਅਕਤੀ ਨੂੰ ਸਵਾਲਾਂ ਦੀ ਇਕ ਸੂਚੀ ਦਾ ਜਵਾਬ ਦੇਣਾ ਪਵੇਗਾ। ਗ੍ਰਹਿ ਮੰਤਰਾਲਾ ਦਾ ਮੰਨਣਾ ਹੈ ਕਿ ਨਵੇਂ ਨਿਯਮਾਂ ਨਾਲ 7.1 ਲੱਖ ਸ਼ਰਨਾਰਥੀ ਤੇ 1.4 ਕਰੋੜ ਗੈਰ ਸ਼ਰਨਾਰਥੀ ਵੀਜ਼ਾ ਬਿਨੈਕਾਰ ਪ੍ਰਭਾਵਿਤ ਹੋਣਗੇ। ਅਮਰੀਕਾ ਨੇ ਵੀਜ਼ਾ ਅਰਜ਼ੀਆਂ ਦੇਣ ਵਾਲੇ ਵਿਦੇਸ਼ੀ ਕਿਰਤੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਕ ਤੋਂ ਵੱਧ ਅਰਜ਼ੀਆਂ ਦੇਣ ਉਤੇ ਅਰਜ਼ੀ ਨੂੰ ਨਾਮਨਜ਼ੂਰ ਕਰ ਦਿੱਤਾ ਜਾਵੇਗਾ। ਸ਼ਰਨਾਰਥੀਆਂ ਤੇ ਨਾਗਰਿਕਤਾ ਨਾਲ ਜੁੜੇ ਮਾਮਲਿਆਂ ਨੂੰ ਵੇਖਦੀ ਅਮਰੀਕੀ ਏਜੰਸੀ ਯੂ ਐਸ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਨੇ ਕੁਝ ਦਿਨ ਪਹਿਲਾਂ ਹੀ ਇਹ ਚਿਤਾਵਨੀ ਜਾਰੀ ਕੀਤੀ ਹੈ। ਵਰਨਣ ਯੋਗ ਹੈ ਕਿ ਇਕ ਅਕਤੂਬਰ ਤੋਂ ਸ਼ੁਰੂ ਹੋ ਰਹੇ ਨਵੇਂ ਮਾਲੀ ਸਾਲ (2019) ਲਈ ਗੈਰ ਸ਼ਰਨਾਰਥੀ ਕੰਮਕਾਜੀ ਵੀਜ਼ਾ ਐਚ-1ਬੀ ਲਈ ਅਰਜ਼ੀਆਂ ਦੇਣ ਦੀ ਪ੍ਰਕਿਰਿਆ ਦੋ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਹੈ।