ਅਮਰੀਕਾ ਨੇ ਪਾਕਿ ਨੂੰ 25.5 ਕਰੋੜ ਡਾਲਰ ਦੀ ਮਦਦ ਰੋਕੀ, ਪਾਕਿ ਭੜਕਿਆ


* ਟਰੰਪ ਦੇ ਪੱਖ ਵਿੱਚ ਅਮਰੀਕੀ ਆਗੂਆਂ ਦੀ ਲਾਮਬੰਦੀ
ਵਾਸ਼ਿੰਗਟਨ, 2 ਜਨਵਰੀ, (ਪੋਸਟ ਬਿਊਰੋ)- ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 25.5 ਕਰੋੜ ਡਾਲਰ ਦੀ ਮਦਦ ਵਾਲੀ ਰਕਮ ਅਮਰੀਕਾ ਨੇ ਰੋਕ ਦਿੱਤੀ ਹੈ। ਵਾਈਟ ਹਾਊਸ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਸਹਾਇਤਾ ਪਾਕਿਸਤਾਨ ਵੱਲੋਂ ਆਪਣੀ ਜ਼ਮੀਨ ਉੱਤੇ ਅੱਤਵਾਦ ਦੇ ਖਿਲਾਫ਼ ਕਾਰਵਾਈ ਉੱਤੇ ਨਿਰਭਰ ਕਰੇਗੀ।
ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਦੇ ਇਕ ਸੀਨੀਅਰ ਅਫਸਰ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਇਸ ਸਮੇਂ ਅਮਰੀਕਾ ਦੀ ਪਾਕਿਸਤਾਨ ਨੂੰ ਵਿਦੇਸ਼ੀ ਫੌਜੀ ਮਦਦ ਵਜੋਂ ਸਾਲ 2016 ਦੇ 25.5 ਕਰੋੜ ਡਾਲਰ ਦੇਣ ਦੀ ਯੋਜਨਾ ਨਹੀਂ ਰਹੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਪਾਕਿਸਤਾਨ ਤੋਂ ਉਸ ਦੇਸ਼ ਵਿੱਚ ਪਨਾਹ ਲੈ ਰਹੇ ਅੱਤਵਾਦੀਆਂ ਖਿਲਾਫ਼ ਫ਼ੈਸਲਾਕੁੰਨ ਕਾਰਵਾਈ ਦੀ ਆਸ ਕਰਦਾ ਹੈ ਤੇ ਦੱਖਣੀ ਏਸ਼ੀਆ ਰਣਨੀਤੀ ਵਿਚ ਪਾਕਿਸਤਾਨ ਦੀਆਂ ਕਾਰਵਾਈਆਂ ਭਵਿੱਖ ਵਿਚ ਇਸ ਮਦਦ ਸਮੇਤ ਸਾਡੇ ਅਗਲੇ ਸਬੰਧਾਂ ਬਾਰੇ ਫ਼ੈਸਲਾ ਕਰਨਗੀਆਂ। ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਪ੍ਰਸ਼ਾਸਨ ਪਾਕਿਸਤਾਨ ਦੇ ਸਹਿਯੋਗ ਦਾ ਜਾਇਜ਼ਾ ਲੈਂਦਾ ਰਹੇਗਾ।
ਇਸ ਦੌਰਾਨ ਫਲੋਰੀਡਾ ਵਿਚ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਮਗਰੋਂ ਵਾਈਟ ਹਾਊਸ ਮੁੜੇ ਡੋਨਾਲਡ ਟਰੰਪ ਨੇ ਪਾਕਿਸਤਾਨ ਬਾਰੇ ਆਪਣੀ ਯੋਜਨਾ ਬਾਰੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ, ਪਰ ਉਸ ਦੇਸ਼ ਪ੍ਰਤੀ ਸਖ਼ਤ ਪਹੁੰਚ ਅਪਨਾਉਣ ਲਈ ਕਈ ਅਮਰੀਕੀ ਪਾਰਲੀਮੈਂਟ ਮੈਂਬਰ ਹੁਣ ਡੋਨਾਲਡ ਟਰੰਪ ਦੀ ਹਮਾਇਤ ਉੱਤੇ ਆ ਗਏ ਹਨ। ਓਕਲਹਾਮਾ ਤੋਂ ਰਿਪਬਲੀਕਨ ਮੈਂਬਰ ਮਾਰਕਵਾਈਨੇ ਮੁਲਿਨ ਨੇ ਕਿਹਾ ਕਿ ਪਾਕਿਸਤਾਨ ਦੀ ਮਦਦ ਰੋਕਣ ਲਈ ਉਹ ਰਾਸ਼ਟਰਪਤੀ ਟਰੰਪ ਦੇ ਨਾਲ ਹਨ। ਸੈਨੇਟਰ ਰੈਂਡ ਪਾਲ ਨੇ ਕਿਹਾ ਕਿ ਉਹ ਪਾਕਿਸਤਾਨ ਨੂੰ ਹੋਰ ਮਦਦ ਲਈ ਸਹਿਮਤ ਨਹੀਂ ਹੋ ਸਕਦੇ, ਉਹ ਕਈ ਸਾਲਾਂ ਤੋਂ ਪਾਕਿਸਤਾਨ ਦੀ ਮਦਦ ਰੋਕਣ ਲਈ ਲੜ ਰਹੇ ਹਨ।
ਕੌਮੀ ਸੁਰੱਖਿਆ ਬਾਰੇ ਸੀ ਐਨ ਐਨ ਚੈਨਲ ਦੀ ਵਿਸ਼ਲੇਸ਼ਕ ਸਾਮੰਥਾ ਵਾਈਨਗਾਰਡ ਨੇ ਟਰੰਪ ਦੀ ਕਾਰਵਾਈ ਦੇ ਪੱਖ ਵਿਚ ਵੈੱਬਸਾਈਟ ਉੱਤੇ ਰਾਏ ਜ਼ਾਹਰ ਕਰਦਿਆਂ ਕਿਹਾ ਕਿ ਪਾਕਿਸਤਾਨੀਆਂ ਨੂੰ ਸਪੱਸ਼ਟ ਦੱਸਣ ਦੀ ਲੋੜ ਹੈ ਕਿ ਹੁਣ ਬਹੁਤ ਹੋ ਗਿਆ ਹੈ ਅਤੇ ਜੇ ਰਾਸ਼ਟਰਪਤੀ ਸਹੀ ਅਰਥਾਂ ਵਿਚ ਕਾਰਵਾਈ ਕਰਨ ਤਾਂ ਇਹ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ। ਇਸ ਦੌਰਾਨ ਡੋਨਾਲਡ ਟਰੰਪ ਦੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਨੇ ਕੱਲ੍ਹ ਕਿਹਾ ਕਿ ‘ਚੰਗੀ ਸ਼ੁਰੂਆਤ। ਅਸੀਂ ਅਰਬਾਂ ਡਾਲਰ ਉਨ੍ਹਾਂ ਦੇਸ਼ਾਂ ਨੂੰ ਦਿੱਤੇ, ਜਿਨ੍ਹਾਂ ਨੇ ਸਾਡੇ ਦੁਸ਼ਮਣਾਂ ਨੂੰ ਪਨਾਹ ਦਿੱਤੀ।’
ਡੋਨਾਲਡ ਟਰੰਪ ਵੱਲੋਂ ਅਮਰੀਕੀ ਤੋਂ ਅਰਬਾਂ ਡਾਲਰ ਦੀ ਵਿਦੇਸ਼ੀ ਸਹਾਇਤਾ ਲੈ ਕੇ ਅੱਤਵਾਦੀਆਂ ਨੂੰ ਪਨਾਹ ਦੇਣ ਲਈ ਪਾਕਿਸਤਾਨ ਉੱਤੇ ਝੂਠ ਬੋਲਣ ਅਤੇ ਧੋਖਾ ਦੇਣ ਦਾ ਦੋਸ਼ ਲਏ ਜਾਣ ਪਿੱਛੋਂ ਪਾਕਿਸਤਾਨ ਭੜਕਿਆ ਹੈ। ਉਸ ਨੇ ਰੋਸ ਜ਼ਾਹਰ ਕਰਨ ਲਈ ਅਮਰੀਕੀ ਰਾਜਦੂਤ ਡੇਵਿਡ ਹੇਲ ਨੂੰ ਤਲਬ ਕੀਤਾ ਹੈ। ‘ਦੀ ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ਹੈ ਕਿ ਪਾਕਿਸਤਾਨ ਦੀ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਨੇ ਹੇਲ ਤੋਂ ਟਰੰਪ ਦੀਆਂ ਟਿੱਪਣੀਆਂ ਦਾ ਸਪੱਸ਼ਟੀਕਰਨ ਮੰਗਿਆ ਹੈ। ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨੇ ਇਸ ਬਾਰੇ ਤੁਰੰਤ ਪ੍ਰਤੀਕਿਰਿਆ ਨਹੀਂ ਦਿੱਤੀ। ਇਸ ਪਿੱਛੋਂ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖੱਕਾਨ ਅੱਬਾਸੀ ਦੀ ਪ੍ਰਧਾਨਗੀ ਹੇਠ ਕੌਮੀ ਸੁਰੱਖਿਆ ਕਮੇਟੀ (ਐਨ ਐਸ ਸੀ) ਦੀ ਮੀਟਿੰਗ ਸੱਦੀ ਗਈ ਹੈ। ਉਂਜ ਡੋਨਾਲਡ ਟਰੰਪ ਦੀ ਸਖ਼ਤ ਚਿਤਾਵਨੀ ਦੇ ਬਾਅਦ ਵੀ ਪਾਕਿਸਤਾਨ ਅੱਤਵਾਦ ਵੱਲ ਵਤੀਰਾ ਬਦਲਣ ਲਈ ਤਿਆਰ ਨਹੀਂ ਦਿਖਾਈ ਦੇ ਰਿਹਾ, ਉਲਟਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਨੇ ਡੋਨਾਲਡ ਟਰੰਪ ਦੇ ਦਾਅਵੇ ਨੂੰ ਚੁਣੌਤੀ ਦਿੰਦਿਆ ਕਿਹਾ ਕਿ 33 ਅਰਬ ਡਾਲਰ ਦੀ ਰਕਮ ਦੇ ਅੰਕੜਿਆਂ ਦੀ ਕਿਸੇ ਆਡਿਟ ਕੰਪਨੀ ਕੋਲੋਂ ਜਾਂਚ ਕਰਵਾ ਲਈ ਜਾਵੇ ਤਾਂ ਸਾਬਤ ਹੋ ਜਾਵੇਗਾ ਕਿ ਅਮਰੀਕੀ ਰਾਸ਼ਟਰਪਤੀ ਗਲਤ ਹਨ। ਖਵਾਜ਼ਾ ਆਸਿਫ ਨੇ ਟਵੀਟ ਕਰਕੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਆਪਣੇ ਦੇਸ਼ ਦੀ ਕੋਈ ਵੀ ਆਡਿਟ ਕੰਪਨੀ ਸਾਨੂੰ ਦਿੱਤੇ ਪੈਸੇ ਦੀ ਜਾਂਚ ਲਈ ਨਿਯੁਕਤ ਕਰਨ ਅਤੇ 33 ਅਰਬ ਡਾਲਰ ਦੇ ਅੰਕੜੇ ਦੀ ਜਾਂਚ ਕਰਵਾ ਲੈਣ ਤਾਂ ਦੁਨੀਆਂ ਨੂੰ ਪਤਾ ਲੱਗ ਜਾਵੇਗਾ ਕਿ ਕੌਣ ਝੂਠ ਬੋਲ ਰਿਹੈ ਅਤੇ ਕੌਣ ਧੋਖਾ ਦੇ ਰਿਹਾ ਹੈ। ਉਨ੍ਹਾਂ ਕਿਹਾ ਆਡਿਟ ਕੰਪਨੀ ਦਾ ਖ਼ਰਚਾ ਅਸੀਂ ਦੇਣ ਲਈ ਤਿਆਰ ਹਾਂ।