ਅਮਰੀਕਾ ਨੇ ਚੀਨ ਵਿਚਲੇ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਲਈ ਕਿਹਾ

 

ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ

ਵਾਸ਼ਿੰਗਟਨ, 24 ਮਈ (ਪੋਸਟ ਬਿਊਰੋ)- ਚੀਨ ਵਿੱਚ ਆਪਣੇ ਇਕ ਅਫਸਰ ਉੱਤੇ ਅਖੌਤੀ ਸੋਨਿਕ (ਆਵਾਜ਼ ਤਰੰਗਾਂ) ਦੇ ਹਮਲੇ ਕਾਰਨ ਅਮਰੀਕਾ ਨੇ ਉੱਥੇ ਰਹਿੰਦੇ ਹੋਰ ਮੁਲਾਜ਼ਮਾਂ ਨੂੰ ਆਪਣੀ ਸੁਰੱਖਿਆ ਬਾਰੇ ਚੌਕਸ ਰਹਿਣ ਨੂੰ ਕਿਹਾ ਹੈ। ਇਸ ਹਮਲੇ ਨਾਲ ਅਮਰੀਕੀ ਹਾਈ ਕਮਿਸ਼ਨ ਦੇ ਅਧਿਕਾਰੀ ਦੇ ਦਿਮਾਗ਼ ਨੂੰ ਮਾਮੂਲੀ ਨੁਕਸਾਨ ਪੁੱਜਾ ਹੈ, ਪਰ ਅਮਰੀਕਾ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ।
ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਇਸ ਘਟਨਾ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ ਇਸ ਨੂੰ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਦੇ ਸਾਹਮਣੇ ਉਠਾਇਆ ਹੈ। ਪੋਂਪੀਓ ਨੇ ਕਿਹਾ, ‘ਇਹ ਗੰਭੀਰ ਕੇਸ ਹੈ। ਅਸੀਂ ਵਿਦੇਸ਼ ਵਿੱਚ ਕੰਮ ਕਰਦੇ ਆਪਣੇ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਕਰਨਾ ਚਾਹੁੰਦੇ ਹਾਂ। ਇਸ ਘਟਨਾ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਾ। ਚੀਨ ਵਿਆਨਾ ਸੰਮੇਲਨ ਹੇਠ ਸਾਰੇ ਅਮਰੀਕੀ ਡਿਪਲੋਮੈਟਾਂ ਦੀ ਸੁਰੱਖਿਆ ਯਕੀਨੀ ਕਰੇ।’
ਇਸ ਦੌਰਾਨ ਚੀਨ ਵਿੱਚ ਅਮਰੀਕੀ ਦੂਤਘਰ ਦੀ ਬੁਲਾਰਾ ਜਿਨੀ ਲੀ ਨੇ ਕਿਹਾ, ‘ਪਿੱਛੇ ਜਿਹੇ ਚੀਨ ਵਿੱਚ ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਅਸਧਾਰਨ ਆਵਾਜ਼ਾਂ ਸੁਣਾਈ ਦੇਣ ਤੇ ਭਾਰੀ ਦਬਾਅ ਦੀ ਸ਼ਿਕਾਇਤ ਕੀਤੀ ਸੀ। ਚੀਨ ਵਿੱਚ ਏਦਾਂ ਪਹਿਲਾਂ ਕਦੀ ਨਹੀਂ ਹੋਇਆ। 2017 ਦੇ ਅਖ਼ੀਰ ਤੇ ਅਪ੍ਰੈਲ 2018 ਵਿਚਾਲੇ ਉਸ ਨੂੰ ਕਈ ਸਰੀਰਕ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਉਨ੍ਹਾਂ ਨੂੰ 18 ਮਈ ਨੂੰ ਵਾਪਸ ਅਮਰੀਕਾ ਭੇਜ ਦਿੱਤਾ ਗਿਆ ਸੀ।’