ਅਮਰੀਕਾ ਨੂੰ ਗੈਰ ਕਾਨੂੰਨੀ ਬੰਦੇ ਭੇਜ ਕੇ ਕਰੋੜਾਂ ਰੁਪਏ ਠੱਗਣ ਵਾਲੇ ਏਜੰਟ ਲੁਕ ਗਏ


ਜਲੰਧਰ, 30 ਜੂਨ (ਪੋਸਟ ਬਿਊਰੋ)- ਪੰਜਾਬ ਦੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਅਮਰੀਕਾ ਭੇਜ ਕੇ ਕਰੋੜਾਂ ਰੁਪਏ ਠੱਗਣ ਵਾਲੇ ਸੁਲਤਾਨਪੁਰ ਲੋਧੀ ਦੇ ਏਜੰਟ ਆਪਣੇ ਖਿਲਾਫ ਪੁਲਸ ਵੱਲੋਂ ਕੇਸ ਦਰਜ ਕੀਤੇ ਜਾਣ ਪਿੱਛੋਂ ਲੁਕ ਗਏ ਹਨ।
ਕਪੂਰਥਲਾ ਜ਼ਿਲੇ ਦੀ ਸੁਲਤਾਨਪੁਰ ਲੋਧੀ ਤਹਿਸੀਲ ‘ਚੋਂ ਗੈਰ ਮਨੁੱਖੀ ਤਸਕਰੀ ਬਾਰੇ ਇਕ ਪੰਜਾਬੀ ਅਖਬਾਰ ਵੱਲੋਂ ਛਾਪੀ ਖਬਰ ਦੇ ਦੋ ਦਿਨ ਬਾਅਦ ਪੁਲਸ ਨੇ ਕਰੀਬ ਇਕ ਦਰਜ ਏਜੰਟਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ। ਸੁਲਤਾਨਪੁਰ ਲੋਧੀ ਥਾਣੇ ਦੇ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਅਜੇ ਤੱਕ ਕਿਸੇ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਮਨੁੱਖੀ ਤਸਕਰੀ ਦੇ ਗੈਰ ਕਾਨੂੰਨੀ ਧੰਦੇ ਵਿੱਚ ਗੁਰਮੀਤ ਸਿੰਘ ਦਿੱਲੀ ਵਾਲਾ ਤੇ ਬੇਗੋਵਾਲ ਦਾ ਟੀਟੂ ਨਾਂਅ ਦਾ ਵਿਅਕਤੀ ਮੁੱਖ ਸਰਗਣੇ ਹਨ ਅਤੇ ਬਾਕੀ ਉਨ੍ਹਾਂ ਦੇ ਨਾਲ ਸਬ ਏਜੰਟਾਂ ਵਜੋਂ ਕੰਮ ਕਰਨ ਵਾਲੇ ਹਨ। ਪੁਲਸ ਅਧਿਕਾਰੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕੀ ਭੇਜੇ ਕਈ ਨੌਜਵਾਨਾਂ ਬਾਰੇ ਜਾਣਕਾਰੀ ਹੈ, ਜੋ ਇਸ ਵੇਲੇ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਬੰਦ ਹਨ, ਪਰ ਪਤਾ ਲੱਗਾ ਹੈ ਕਿ ਪੁਲਸ ਦੇ ਕਿਸੇ ਜਾਂਚ ਅਫਸਰ ਨੇ ਉਨ੍ਹਾਂ ਦੇ ਮਾਪਿਆਂ ਨਾਲ ਸੰਪਰਕ ਨਹੀਂ ਕੀਤਾ। ਐਰੀਜਾਨਾ ਦੀ ਜੇਲ੍ਹ ‘ਚ ਬੰਦ ਸੁਲਤਾਨਪੁਰ ਲੋਧੀ ਖੇਤਰ ਦੇ ਕੁਝ ਨੌਜਵਾਨਾਂ ਦੇ ਪਰਵਾਰਾਂ ਦਾ ਕਹਿਣਾ ਹੈ ਕਿ ਐਰੀਜ਼ੋਨਾ, ਟੈਕਸਾਸ, ਮਿਆਮੀ ਤੇ ਕਈ ਹੋਰ ਜੇਲ੍ਹਾਂ ਵਿੱਚ ਸਿਰਫ ਇਸ ਖੇਤਰ ਦੇ 70 ਤੋਂ ਵੱਧ ਨੌਜਵਾਨ ਬੰਦ ਹਨ। ਕਪੂਰਥਲਾ ਜ਼ਿਲੇ ਦੀ ਭੁਲੱਥ ਤਹਿਸੀਲ ਅਤੇ ਹੁਥਿਆਰਪੁਰ ਤੇ ਜਲੰਧਰ ਜ਼ਿਲੇ ਦੇ ਕੁਝ ਨੌਜਵਾਨ ਵੀ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਜਾਂਦੇ ਫੜੇ ਜਾਣ ਕਾਰਨ ਜੇਲ੍ਹਾਂ ਵਿੱਚ ਬੰਦ ਹਨ ਤੇ ਦੋ ਨੌਜਵਾਨਾਂ ਨੂੰ ਵਾਪਸ ਭੇਜਣ ਦੇ ਹੁਕਮ ਵੀ ਅਦਾਲਤ ਵੱਲੋਂ ਕੀਤੇ ਦੱਸੇ ਜਾਂਦੇ ਹਨ। ਉਕਤ ਨੌਜਵਾਨਾਂ ਦੇ ਮਾਪੇ ਉਨ੍ਹਾਂ ਨੌਜਵਾਨਾਂ ਨੂੰ ਸਿਆਸੀ ਸ਼ਰਨ ਮਿਲਣ ਤੇ ਜ਼ਮਾਨਤ ਹੋਣ ਦੀ ਆਸ ਨਾਲ ਅਜੇ ਤੱਕ ਕਿਸੇ ਕੋਲ ਮੂੰਹ ਨਹੀਂ ਖੋਲ੍ਹ ਰਹੇ। ਪਤਾ ਲੱਗਾ ਹੈ ਕਿ ਏਜੰਟਾਂ ਨੂੰ 30-30 ਲੱਖ ਰੁਪਏ ਦੇਣ ਪਿੱਛੋਂ ਆਪਣੇ ਬੱਚਿਆਂ ਨੂੰ ਜੇਲ੍ਹਾਂ ‘ਚੋਂ ਬਾਹਰ ਕਢਵਾਉਣ ਲਈ ਇਕ-ਇਕ ਲੱਖ ਰੁਪਏ ਦੇ ਕਰੀਬ ਵਕੀਲਾਂ ਦੀਆਂ ਫੀਸਾਂ ਭਰ ਰਹੇ ਹਨ, ਜਦ ਕਿ 12 ਤੋਂ 15 ਲੱਖ ਰੁਪਏ ਤੱਕ ਜ਼ਮਾਨਤੀ ਬਾਂਡ ਭਰ ਰਹੇ ਹਨ। ਭਰੋਸੇ ਯੋਗ ਸੂਤਰਾਂ ਮੁਤਾਬਕ ਇਕ ਦੋ ਏਜੰਟ ਵਿਦੇਸ਼ ਭੱਜ ਗਏ ਹਨ। ਉਹ ਫੋਨ ਦੀ ਥਾਂ ਵਟਸਐਪ ਉਤੇ ਆਪਣੇ ਨਜ਼ਦੀਕੀਆਂ ਨਾਲ ਸੰਪਰਕ ਰੱਖ ਰਹੇ ਹਨ।