ਅਮਰੀਕਾ-ਦੱਖਣੀ ਕੋਰੀਆ ਫੌਜੀ ਐਕਸਰਸਾਈਜ਼ ਤੋਂ ਉੱਤਰੀ ਕੋਰੀਆ ਫਿਰ ਭੜਕ ਪਿਆ


ਵਾਸ਼ਿੰਗਟਨ, 16 ਮਈ, (ਪੋਸਟ ਬਿਊਰੋ)- ਉੱਤਰੀ ਕੋਰੀਆ ਨੇ ਅਮਰੀਕਾ ਨਾਲ ਹੋਣ ਵਾਲੀ ਬੈਠਕ ਰੱਦ ਕਰਨ ਦੇ ਲਈ ਧਮਕੀ ਦੇ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਣ ਵਾਲੀ ਆਪਣੀ ਬੈਠਕ ਦੇ ਬਾਰੇ ਨਵੇਂ ਸਿਰੇ ਤੋਂ ਵਿਚਾਰ ਕਰਨਗੇ।
ਵਰਨਣ ਯੋਗ ਹੈ ਕਿ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਓਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ 12 ਜੂਨ ਨੂੰ ਸਿੰਗਾਪੁਰ ਵਿੱਚ ਇਹ ਬੈਠਕ ਹੋਣ ਵਾਲੀ ਸੀ ਤੇ ਇਹ ਬੈਠਕ ਉੱਤਰ ਕੋਰੀਆ ਵੱਲੋਂ ਆਪਣੇ ਐਟਮੀ ਪ੍ਰੋਗਰਾਮ ਨੂੰ ਖਤਮ ਕਰਨ ਦੇ ਫੈਸਲੇ ਤੋਂ ਬਾਅਦ ਤੈਅ ਹੋ ਸਕੀ ਸੀ। ਇਸ ਬੁੱਧਵਾਰ ਨੂੰ ਉੱਤਰ ਕੋਰੀਆ ਨੇ ਸਭ ਨੂੰ ਹੈਰਾਨ ਕਰਦੇ ਹੋਏ ਦੱਖਣੀ ਕੋਰੀਆ ਨਾਲ ਹੋਣ ਵਾਲੀ ਗੱਲਬਾਤ ਰੱਦ ਕਰ ਦਿੱਤੀ ਹੈ। ਉਹ ਅਮਰੀਕਾ ਤੇ ਦੱਖਣੀ ਕੋਰੀਆ ਵਿਚਾਲੇ ਚੱਲ ਰਹੇ ਸਾਂਝੇ ਮਿਲਟਰੀ ਐਕਸਰਸਾਈਜ਼ ਤੋਂ ਨਾਰਾਜ਼ ਹੋ ਗਿਆ ਹੈ।
ਉੱਤਰ ਕੋਰੀਆ ਦੇ ਸਰਕਾਰੀ ਮੀਡੀਆ ਵਿੱਚ ਅੱਜ ਉਪ ਵਿਦੇਸ਼ ਮੰਤਰੀ ਕਿਮ ਵੇ ਗਵਾਨ ਨੇ ਹਵਾਲੇ ਨਾਲ ਕਿਹਾ ਗਿਆ, ‘ਜੇ ਅਮਰੀਕਾ ਸਾਥੋਂ ਸਿਰਫ ਇਕ ਪਾਸੜ ਇਹ ਮੰਗ ਕਰਦਾ ਹੈ ਕਿ ਅਸੀਂ ਆਪਣੇ ਐਟਮੀ ਪ੍ਰੋਗਰਾਮ ਤਬਾਹ ਕਰ ਦੇਈਏ ਤਾਂ ਅਸੀਂ ਇਸ ਤਰ੍ਹਾਂ ਦੀ ਗੱਲਬਾਤ ਦੇ ਪੱਖ ਵਿੱਚ ਨਹੀਂ। ਅਸੀਂ ਇਸ ਦੇ ਨਾਲ ਅਮਰੀਕਾ ਅਤੇ ਡੀ ਪੀ ਆਰ ਕੇ ਵਿਚਾਲੇ ਹੋ ਰਹੀ ਬੈਠਕ ਉੱਤੇ ਮੁੜ ਵਿਚਾਰ ਕਰਾਂਗੇ।’ ਡੀ ਪੀ ਆਰ ਕੇ ਦਾ ਭਾਵ ਹੈ ਡੈਮੋਕ੍ਰੇਟ ਪੀਪਲਜ਼ ਰਿਪਬਲਿਕ ਆਫ ਕੋਰੀਆ, ਇਹ ਉੱਤਰ ਕੋਰੀਆ ਦਾ ਸਰਕਾਰੀ ਨਾਂਅ ਹੈ। ਇਸ ਵੇਲੇ ਦੱਖਣੀ ਕੋਰੀਆ ਵਿੱਚ ਅਮਰੀਕਾ ਤੇ ਦੱਖਣੀ ਕੋਰੀਆ ਦੀਆਂ ਫੌਜਾਂ ਵਿਚਾਲੇ ਸਾਂਝੀ ਐਕਸਰਸਾਈਜ਼ ਚੱਲ ਰਹੀ ਹੈ। ਉੱਤਰ ਕੋਰੀਆ ਦੇ ਇਸ ਤਾਜ਼ਾ ਐਲਾਨ ਨਾਲ ਕਈ ਨਤੀਜੇ ਨਿਕਲਣ ਦੀ ਸੰਭਾਵਨਾ ਹੈ। ਦੱਖਣੀ ਕੋਰੀਆ ਤੇ ਅਮਰੀਕੀ ਫੌਜਾਂ ਵਿਚਾਲੇ ਫੌਜੀ ਐਕਸਰਸਾਈਜ਼ ਵਿੰਟਰ ਓਲੰਪਿਕ ਸਮੇਂ ਹੋਣੀ ਸੀ, ਪਰ ਓਦੋਂ ਉੱਤਰੀ ਤੇ ਦੱਖਣੀ ਕੋਰੀਆ ਦੀ ਮੁਲਾਕਾਤ ਕਾਰਨ ਇਹ ਰੱਦ ਕਰ ਦਿੱਤੀ ਗਈ ਸੀ। ਉੱਤਰ ਕੋਰੀਆ ਨੇ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਫੌਜੀ ਐਕਸਰਸਾਈਜ਼ ਉੱਤੇ ਆਪਣੀ ਰਜ਼ਾਮੰਦੀ ਦਿੱਤੀ ਸੀ।