ਅਮਰੀਕਾ ਦੇ ਰਵੱਈਏ ਤੋਂ ਈਰਾਨ ਵਾਲੇ ਖਿਝ ਗਏ


ਕਿੰਗਦਾਓ, 11 ਜੂਨ (ਪੋਸਟ ਬਿਊਰੋ)- ਐਟਮੀ ਸਮਝੋਤੇ ਉਤੇ ਅਮਰੀਕਾ ਦੇ ਇਕਤਰਫਾ ਵਿਹਾਰ ਤੋਂ ਈਰਾਨ ਨਾਰਾਜ਼ ਹੈ। ਰਾਸ਼ਟਰਪਤੀ ਹਸਨ ਰੂਹਾਨੀ ਨੇ ਐਟਮੀ ਸਮਝੌਤੇ ਤੋਂ ਬਾਹਰ ਆਉਣ ਦੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਸਮਝੌਤਾ ਬਚਾਈ ਰੱਖਣ ਲਈ ਚੀਨ ਅਤੇ ਰੂਸ ਦੇ ਯਤਨਾਂ ਦੀ ਉਹ ਸ਼ਲਾਘਾ ਕਰਦੇ ਹਨ।
ਕੱਲ੍ਹ ਸ਼ੰਘਾਈ ਸਹਿਯੋਗ ਸੰਗਠਨ ਦੇ ਸਿਖਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਰੂਹਾਨੀ ਨੇ ਕਿਹਾ ਕਿ ਅਮਰੀਕਾ ਜਿਸ ਤਰ੍ਹਾਂ ਆਪਣੀਆਂ ਨੀਤੀਆਂ ਨੂੰ ਦੂਜਿਆਂ ‘ਤੇ ਥੋਪਣ ਦਾ ਯਤਨ ਕਰ ਰਿਹਾ ਹੈ, ਉਹ ਸਾਰਿਆਂ ਲਈ ਖਤਰਨਾਕ ਹੈ। ਇਸ ਦਾ ਤਾਜ਼ਾ ਮਿਸਾਲ ਐਟਮੀ ਸਮਝੌਤੇ ਤੋਂ ਅਮਰੀਕਾ ਦਾ ਬਾਹਰ ਆਉਣਾ ਹੈ।
ਵਰਨਣ ਯੋਗ ਹੈ ਕਿ 2015 ਵਿੱਚ ਹੋਏ ਐਮਟੀ ਸਮਝੌਤੇ ਪਿੱਛੋਂ ਵਿਸ਼ਵ ਦੀਆਂ ਮਹਾ ਸ਼ਕਤੀਆਂ ਨੇ ਇਰਾਨ ਤੋਂ ਪਾਬੰਦੀਆਂ ਖਤਮ ਕਰ ਦਿੱਤੀਆਂ ਸਨ। ਇਸ ਦੇ ਬਦਲੇ ਈਰਾਨ ਨੇ ਆਪਣੀਆਂ ਐਟਮੀ ਸਰਗਰਮੀਆਂ ਨੂੰ ਸੀਮਤ ਕਰਨ ‘ਤੇ ਸਹਿਮਤੀ ਪ੍ਰਗਟਾਈ ਸੀ, ਪ੍ਰੰਤੂ ਪਿਛਲੇ ਮਹੀਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਕਹਿੰਦੇ ਹੋਏ ਅਮਰੀਕਾ ਦੇ ਸਮਝੌਤੇ ਤੋਂ ਬਾਹਰ ਆਉਣ ਦਾ ਐਲਾਨ ਕੀਤਾ ਕਿ ਇਸ ‘ਚ ਖਾਮੀਆਂ ਹਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਈਰਾਨ ਨਾਲ ਐਟਮੀ ਸਮਝੌਤੇ ਤੋਂ ਬਾਹਰ ਜਾਣ ਦੇ ਅਮਰੀਕੀ ਫੈਸਲੇ ਦੀ ਆਲੋਚਨਾ ਕੀਤੀ ਹੈ। ਕੱਲ੍ਹ ਸ਼ੰਘਾਈ ਸਹਿਯੋਗ ਸੰਗਠਨ ਦੇ ਸਿਖਰ ਸੰਮੇਲਨ ਵਿੱਚ ਉਨ੍ਹਾਂ ਕਿਹਾ ਕਿ ਇਸ ਸੰਗਠਨ ਦੇ ਹੋਰ ਮੈਂਬਰ ਦੇਸ਼ ਅਮਰੀਕੀ ਫੈਸਲੇ ਤੋਂ ਦੁਖੀ ਹਨ।