ਅਮਰੀਕਾ ਦੇ ਭਾਰਤੀ ਕੰਪਿਊਟਰ ਵਿਗਿਆਨੀ ਨੂੰ ਕਰੀਅਰ ਐਵਾਰਡ

shrivastav
ਹੌਸਟਨ, 20 ਮਾਰਚ (ਪੋਸਟ ਬਿਊਰੋ)- ਭਾਰਤੀ ਅਮਰੀਕੀ ਕੰਪਿਊਟਰ ਵਿਗਿਆਨਕ ਅਨਸ਼ੁਮਾਲੀ ਸ੍ਰੀਵਾਸਤਵ ਨੇ ਨੈਸ਼ਨਲ ਸਾਇੰਸ ਫਾਊਂਡੇਸ਼ਨ ਦਾ ਮਾਣ-ਮੱਤਾ ਕਰੀਅਰ ਐਵਾਰਡ ਜਿੱਤਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਮੌਜੂਦਾ ਮਸ਼ੀਨ ਸਿੱਖਣ ਦੀਆਂ ਪ੍ਰਕਿਰਿਆਵਾਂ ਦੀ ਪੁਨਰ ਰਚਨਾ ਉੱਤੇ ਕੀਤੀ ਖੋਜ ਲਈ ਦਿੱਤਾ ਗਿਆ ਹੈ।
ਵਰਨਣ ਯੋਗ ਹੈ ਕਿ ਅਨਸ਼ੁਮਾਲੀ ਸ੍ਰੀਵਾਸਤਵ ਨੇ ਆਈ ਆਈ ਟੀ ਖੜਗਪੁਰ ਤੋਂ ਪੜ੍ਹਾਈ ਕੀਤੀ ਹੈ। ਉਨਾਂ ਦੇ ਨਾਲ ਕਰੀਬ 400 ਸਕਾਲਰਾਂ ਨੂੰ ਕਰੀਅਰ ਐਵਾਰਡ ਦਿੱਤਾ ਗਿਆ ਹੈ। ਹਰ ਸਾਲ ਇੰਨੇ ਨੌਜਵਾਨ ਖੋਜੀਆਂ ਨੂੰ ਉਨ੍ਹਾਂ ਦੀ ਖੋਜ ਤੇ ਸਿੱਖਿਆ ਦੇ ਵਿਕਾਸ Ḕਚ ਕੀਤੇ ਕੰਮਾਂ ਲਈ ਸਨਮਾਨਿਤ ਕੀਤਾ ਜਾਂਦਾ ਹੈ।
ਰਾਈਸ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਦੇ ਸਹਾਇਕ ਪ੍ਰੋਫੈਸਰ ਸ੍ਰੀਵਾਸਤਵ ਨੇ ਕਿਹਾ, ਮੇਰੀ ਖੋਜ ਮੌਜੂਦਾ ਮਸ਼ੀਨ ਸਿੱਖਣ ਦੀਆਂ ਪ੍ਰਕਿਰਿਆਵਾਂ ਨੂੰ ਉਨਤ ਬਣਾਉਣ ਵਾਲੀ ਹੈ। ਮਸ਼ੀਨ ਸਿੱਖਣ ਦੀਆਂ ਵਿਧੀਆਂ ਅਜੇ ਵੀ 1960 ਤੋਂ 1990 ਦੇ ਦਹਾਕੇ ਦੀਆਂ ਹਨ। ਸ੍ਰੀ ਵਾਸਤਵ ਨੇ 2008 ਵਿੱਚ ਆਈ ਆਈ ਟੀ ਖੜਗਪੁਰ ਤੋਂ ਗਣਿਤ ਤੇ ਕੰਪਿਊਟਰ ਵਿੱਚ ਐਮ ਐਸ ਅਤੇ ਬੀ ਐਸ ਦੀ ਡਿਗਰੀ ਪ੍ਰਾਪਤ ਕੀਤੀ ਅਤੇ 2015 ਵਿੱਚ ਕਾਰਨਲ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿੱਚ ਪੀ ਐਚ ਡੀ ਕੀਤੀ। ਉਸੇ ਸਾਲ ਉਹ ਰਾਈਸ ਯੂਨੀਵਰਸਿਟੀ ਨਾਲ ਜੁੜ ਗਏ। ਇਸ ਦੌਰਾਨ ਉਨ੍ਹਾਂ ਨੂੰ ਨੈਸ਼ਨਲ ਸਾਇੰਸ ਫਾਊਂਡੇਸ਼ਨ ਦੇ ਕਰੀਅਰ ਐਵਾਰਡ ਦੇ ਨਾਲ ਖੋਜ ਤੇ ਸਿੱਖਿਅਕ ਸਰਗਰਮੀਆਂ ਲਈ ਪੰਜ ਸਾਲ ਤੱਕ ਸੰਘੀ ਸਹਾਇਤਾ ਵੀ ਮਿਲਦੀ ਹੈ।