ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ ਪੋਂਪੀਓ ਦੀ ਨਾਮਜ਼ਦਗੀ ਨੂੰ ਮਾਮੂਲੀ ਬਹੁਮੱਤ ਨਾਲ ਮਨਜ਼ੂਰੀ ਮਿਲੀ


ਵਾਸ਼ਿੰਗਟਨ, 24 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਾਮਜ਼ਦ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਪਾਰਲੀਮੈਂਟਰੀ ਕਮੇਟੀ ਵਿੱਚ ਮਾਮੂਲੀ ਬਹੁਮੱਤ ਨਾਲ ਮਨਜ਼ੂਰੀ ਮਿਲ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਕ ਮੁੱਖ ਰਿਪਬਲਿਕਨ ਐੱਮ ਪੀ ਵੱਲੋਂ ਆਖ਼ਰੀ ਸਮੇਂ ਸਮੱਰਥਨ ਕਰਨ ਨਾਲ ਅਜਿਹਾ ਹੋ ਸਕਿਆ ਅਤੇ ਸੀ ਆਈ ਏ ਦੇ ਡਾਇਰੈਕਟਰ ਦੇ ਅਮਰੀਕਾ ਦਾ ਨਵਾਂ ਵਿਦੇਸ਼ ਮੰਤਰੀ ਬਣਨ ਦਾ ਰਸਤਾ ਸਾਫ਼ ਹੋ ਗਿਆ। ਪੋਂਪੀਓ ਦੀ ਨਾਮਜ਼ਦਗੀ ਨੂੰ ਅਮਰੀਕੀ ਪਾਰਲੀਮੈਂਟ ਦੇ ਉਪਰੀ ਸਦਨ ਸੈਨੇਟ ਨੂੰ ਮਨਜ਼ੂਰੀ ਲਈ ਭੇਜ ਦਿੱਤਾ ਗਿਆ ਹੈ। ਉਸ ਤੋਂ ਮਨਜ਼ੂਰੀ ਮਿਲਣ ਪਿੱਛੋਂ ਉਹ ਵਿਦੇਸ਼ ਮੰਤਰੀ ਵਜੋਂ ਰੈਕਸ ਟਿਲਰਸਨ ਦਾ ਸਥਾਨ ਲੈਣਗੇ। ਟਿਲਰਸਨ ਨੂੰ ਪਿਛਲੇ ਮਹੀਨੇ ਟਰੰਪ ਨੇ ਬਰਖਾਸਤ ਕਰ ਦਿੱਤਾ ਸੀ। ਅੱਜ ਮੰਗਲਵਾਰ ਨੂੰ ਸੈਨੇਟ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਵਿੱਚ ਪੋਂਪੀਓ ਨੂੰ ਨੌਂ ਦੇ ਮੁਕਾਬਲੇ 11 ਵੋਟ ਮਿਲੇ। ਕਮੇਟੀ ਵਿੱਚ ਸ਼ਾਮਲ ਸਾਰੇ ਰਿਪਬਲਿਕਨ ਸੈਨੇਟਰਾਂ ਦੇ ਨਾਲ ਡੈਮੋਕ੍ਰੇਟਿਕ ਪਾਰਟੀ ਦੇ ਸੈਨੇਟਰ ਯਿਮ ਕੂਨਸ ਨੇ ਵੀ ਪੋਂਪੀਓ ਦੇ ਪੱਖ ਵਿੱਚ ਵੋਟ ਕੀਤੀ। ਇਸ ਤੋਂ ਪਹਿਲਾਂ ਰਿਪਬਲਿਕਨ ਸੈਨੇਟਰ ਰੈਂਡ ਪਾਲ ਨੇ ਪੋਂਪੀਓ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਸੀ, ਪ੍ਰੰਤੂ ਕਮੇਟੀ ਮੀਟਿੰਗ ਤੋਂ ਪਹਿਲੇ ਉਨ੍ਹਾਂ ਨੇ ਫ਼ੈਸਲਾ ਬਦਲ ਲਿਆ ਸੀ। ਪੋਂਪੀਓ ਦੇ ਅਹਿਮ ਮਸਲਿਆਂ ਉੱਤੇ ਰਾਸ਼ਟਰਪਤੀ ਟਰੰਪ ਨਾਲ ਸਹਿਮਤ ਹੋਣ ਦਾ ਭਰੋਸਾ ਮਿਲਣ ਪਿੱਛੋਂ ਉਨ੍ਹਾਂ ਨੇ ਫ਼ੈਸਲਾ ਬਦਲਿਆ।