ਅਮਰੀਕਾ ਦੇ ਦੋ ਸਾਬਕਾ ਰਾਸ਼ਟਰਪਤੀਆਂ ਵੱਲੋਂ ਟਰੰਪ ਦਾ ਨਾਂਅ ਲਏ ਬਿਨਾਂ ਨੁਕਤਾਚੀਨੀ


* ਜਾਰਜ ਬੁੱਸ਼ ਨੇ ਵੰਡ ਪਾਊ ਨੀਤੀ ਅਮਰੀਕਾ ਲਈ ਖ਼ਤਰਾ ਆਖੀ
ਨਿਊਯਾਰਕ, 21 ਅਕਤੂਬਰ, (ਪੋਸਟ ਬਿਊਰੋ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਨੇ ਕੱਟੜਤਾ, ਗੋਰਿਆਂ ਦੀ ਸਰਬ ਉੱਚਤਾ ਤੇ ਫਰੇਬ ਦੀ ਤਿੱਖੀ ਨਿਖੇਧੀ ਕੀਤੀ ਹੈ। ਇਸ ਨੁਕਤਾਚੀਨੀ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੌਰ ਦੀਆਂ ਨੀਤੀਆਂ ਦੀ ਸਪੱਸ਼ਟ ਆਲੋਚਨਾ ਮੰਨਿਆ ਜਾ ਰਿਹਾ ਹੈ।
ਕੱਲ੍ਹ ਨਿਊਯਾਰਕ ਵਿੱਚ ਇਕ ਭਾਸ਼ਣ ਵਿੱਚ ਅਮਰੀਕਾ ਦੇ ਦੋ ਵਾਰ ਰਾਸ਼ਟਰਪਤੀ ਰਹਿ ਚੁੱਕੇ ਜਾਰਜ ਬੁਸ਼ ਨੇ ਕੌਮੀ ਸੁਰ ਨੂੰ ਭੱਦਾ ਕਰਨ ਅਤੇ ਵੰਡ ਪਾਊ ਵਿਸ਼ਿਆਂ ਨੂੰ ਅਮਰੀਕੀ ਜਮਹੂਰੀਅਤ ਲਈ ਖ਼ਤਰਾ ਦੱਸਿਆ। ਜਾਰਜ ਬੁੱਸ਼ ਨੇ ਕਿਹਾ ਕਿ ‘ਕੱਟੜਤਾ ਨੂੰ ਹੱਲਾਸ਼ੇਰੀ ਮਿਲਦੀ ਜਾਪਦੀ ਹੈ। ਸਾਜ਼ਿਸ਼ ਦੇ ਸਿਧਾਂਤਾਂ ਤੇ ਜਾਅਲਸਾਜ਼ੀ ਅੱਗੇ ਸਾਡੀ ਸਿਆਸਤ ਕਮਜ਼ੋਰ ਸਾਬਤ ਹੁੰਦੀ ਦਿੱਸ ਰਹੀ ਹੈ।’ ਬੁੱਸ਼ ਨੇ ਟਰੰਪ ਦਾ ਨਾਮ ਨਹੀਂ ਲਿਆ, ਪਰ ਉਨ੍ਹਾ ਦੀ ਟਿੱਪਣੀ ਨੂੰ ਮੌਜੂਦਾ ਪ੍ਰਸ਼ਾਸਨ ਤੇ ਉਸ ਵਿਵਾਦਤ ਸਿਆਸਤ ਦੀ ਨਿਖੇਧੀ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਪਿਛਲੇ ਸਾਲ ਨਵੰਬਰ ਵਿੱਚ ਲੱਖਾਂ ਵੋਟਰਾਂ ਨੂੰ ਟਰੰਪ ਦੇ ਹੱਕ ਵਿੱਚ ਭੁਗਤਣ ਲਈ ਉਕਸਾਇਆ ਗਿਆ।
ਵਰਨਣ ਯੋਗ ਹੈ ਕਿ ਵਰਜੀਨੀਆ ਵਿੱਚ ਨਵ-ਨਾਜ਼ੀ ਰੈਲੀ ਦੇ ਹਿੰਸਕ ਹੋ ਜਾਣ ਦਾ ਦੋਸ਼ ਡੋਨਾਲਡ ਟਰੰਪ ਨੇ ਦੋਵਾਂ ਧਿਰਾਂ ਸਿਰ ਮੜ੍ਹ ਦਿੱਤਾ ਸੀ। ਉਸ ਘਟਨਾ ਤੋਂ ਦੋ ਮਹੀਨੇ ਪਿੱਛੋਂ ਸਾਬਕਾ ਰਾਸ਼ਟਰਪਤੀ ਬੁਸ਼ ਨੇ ਕਿਹਾ ਕਿ ‘ਕੱਟੜਤਾ ਜਾਂ ਗੋਰਿਆਂ ਦੀ ਸਰਬ ਉੱਚਤਾ ਦਾ ਕੋਈ ਵੀ ਰੂਪ ਅਮਰੀਕੀ ਸੋਚਣੀ ਦੇ ਖ਼ਿਲਾਫ਼ ਕੁਫ਼ਰ ਹੈ।’ ਉਨ੍ਹਾਂ ਕਿਹਾ ਕਿ ਬਹਿਸ ਬੜੀ ਸੌਖ ਨਾਲ ਵੈਰ-ਵਿਰੋਧ ਵਿੱਚ ਤਬਦੀਲ ਹੋ ਰਹੀ ਹੈ। ਅਸਹਿਮਤੀ, ਮਨੁੱਖਤਾ ਦੇ ਘਾਣ ਵਿੱਚ ਬਦਲ ਰਹੀ ਹੈ।’
ਸਮਝਿਆ ਜਾਂਦਾ ਹੈ ਕਿ ਆਪਣੇ ਤੋਂ ਬਾਅਦ ਰਾਸ਼ਟਰਪਤੀ ਬਣਨ ਵਾਲੇ ਡੈਮੋਕਰੇਟ ਆਗੂ ਬਰਾਕ ਓਬਾਮਾ ਦੇ ਉਲਟ ਰਿਪਬਲੀਕਨ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਹੁਣ ਤੱਕ ਡੋਨਾਲਡ ਟਰੰਪ ਜਾਂ ਅਮਰੀਕੀ ਸਿਆਸਤ ਦੀ ਹਾਲਤ ਬਾਰੇ ਜਨਤਕ ਤੌਰ ਉਤੇ ਬਹੁਤ ਘੱਟ ਬੋਲੇ ਹਨ। ਟਰੰਪ ਵੱਲੋਂ ਅਮਰੀਕਾ ਵਿੱਚ ਸ਼ਰਨਾਰਥੀਆਂ ਦੀ ਗਿਣਤੀ ਘਟਾਉਣ ਤੇ ਪਰਵਾਸ ਉਤੇ ਲਗਾਮ ਕੱਸਣ ਦੀਆਂ ਕੋਸ਼ਿਸ਼ਾਂ ਬਾਰੇ 71 ਸਾਲਾ ਬੁਸ਼ ਨੇ ਕਿਹਾ ਕਿ ‘ਅਸੀਂ ਰਾਸ਼ਟਰਵਾਦ ਨੂੰ ਮੂਲਵਾਦ ਦੇ ਰੂਪ ਵਿੱਚ ਵੱਟਦਾ ਦੇਖ ਰਹੇ ਹਾਂ ਅਤੇ ਉਸ ਗਤੀਸ਼ੀਲਤਾ ਭੁੱਲ ਗਏ ਹਾਂ, ਜੋ ਅਮਰੀਕਾ ਵਿੱਚ ਹਮੇਸ਼ਾ ਪਰਵਾਸ ਦੇ ਨਾਲ ਆਈ ਸੀ।’
ਇਸ ਦੌਰਾਨ ਵ੍ਹਾਈਟ ਹਾਊਸ ਵਿਚਲੇ ਆਪਣੇ ਤੋਂ ਬਾਅਦ ਦੇ ਰਾਸ਼ਟਰਪਤੀ ਨਾਲ ਸਿੱਧੇ ਵਿਰੋਧ ਨੂੰ ਨਜ਼ਰ ਅੰਦਾਜ਼ ਕਰਨ ਤੇ ਸੁਰਖੀਆਂ ਵਿੱਚ ਨਾ ਰਹਿਣ ਤੋਂ ਕਈ ਮਹੀਨੇ ਪਿੱਛੋਂ ਬਰਾਕ ਓਬਾਮਾ ਵੀ ਪਹਿਲੀ ਦਫ਼ਾ ਪ੍ਰਚਾਰ ਮੁਹਿੰਮ ਵਿੱਚ ਕੁੱਦੇ ਹਨ ਤੇ ਉਨ੍ਹਾਂ ਵੰਡ ਪਾਊ ਸਿਆਸਤ ਦੀ ਨਿਖੇਧੀ ਕੀਤੀ ਹੈ। ਨਿਊਜਰਸੀ ਵਿੱਚ ਗਵਰਨਰ ਦੇ ਅਹੁਦੇ ਲਈ ਡੈਮੋਕਰੇਟਿਕ ਉਮੀਦਵਾਰ ਦੇ ਹੱਕ ਵਿੱਚ ਰੈਲੀ ਦੌਰਾਨ ਕੱਲ੍ਹ 56 ਸਾਲਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ 2016 ਦੀ ਪ੍ਰਚਾਰ ਮੁਹਿੰਮ ਵਾਲੀ ਕੁੜੱਤਣ ਤੇ ਡਰ ਨੂੰ ਨਿਸ਼ਾਨਾ ਬਣਾਇਆ। ਡੈਮੋਕਰੇਟਿਕ ਉਮੀਦਵਾਰ ਫਿੱਲ ਮਰਫ਼ੀ ਦੇ ਹੱਕ ਵਿੱਚ ਨੇਵਾਰਕ ਵਿੱਚ ਰੈਲੀ ਦੌਰਾਨ ਓਬਾਮਾ ਨੇ ਕਿਹਾ ਕਿ ‘ਅਸੀਂ 21ਵੀਂ ਸਦੀ ਵਿੱਚ 19ਵੀਂ ਸਦੀ ਵਾਲੀ ਵੰਡ ਪਾਊ ਸਿਆਸਤ ਲਿਆ ਰਹੇ ਹਾਂ, ਜਿਸ ਦੇ ਨੁਕਸਾਨ ਅਸੀਂ ਕਈ ਸਦੀਆਂ ਪਹਿਲਾਂ ਦੇਖ ਚੁੱਕੇ ਹਾਂ।’