ਅਮਰੀਕਾ ਦੇ ਗਵਰਨਰਾਂ ਨੇ ਡੋਨਾਲਡ ਟਰੰਪ ਦਾ ਨਾਂਅ ਨੋਬਲ ਇਨਾਮ ਦੇ ਲਈ ਭੇਜਿਆ


ਕੋਲੰਬੀਆ, 16 ਮਈ (ਪੋਸਟ ਬਿਊਰੋ)- ਦੱਖਣੀ ਕੈਰੋਲੀਨਾ ਦੇ ਗਵਰਨਰ ਹੈਨਰੀ ਮੈਕਮਾਸਟਰ ਸਣੇ ਦੇਸ਼ ਦੇ 7 ਗਵਰਨਰਾਂ ਨੇ ਨੋਬਲ ਇਨਾਮ ਕਮੇਟੀ ਨੂੰ ਪੱਤਰ ਲਿੱਖ ਕੇ ਨੋਬਲ ਸ਼ਾਂਤੀ ਇਨਾਮ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਾਮਜ਼ਦਗੀ ਦਾ ਪੱਖ ਪੂਰਿਆ ਹੈ। ਆਪਣੇ ਇਸ ਪੱਤਰ ਵਿਚ ਗਵਰਨਰਾਂ ਨੇ ਕੋਰੀਅਨ ਟਾਪੂ ਵਿਚ ਸ਼ਾਂਤੀ ਲਿਆਉਣ ਲਈ ਟਰੰਪ ਦੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੀ ਨਾਮਜ਼ਦਗੀ ਦਾ ਸਮੱਰਥਨ ਕੀਤਾ ਹੈ।
ਨਾਰਵੇ ਵਿਚਲੀ ਨੋਬਲ ਇਨਾਮ ਕਮੇਟੀ ਦੀ ਪ੍ਰਧਾਨ ਬੇਰਿਟ ਰੀਸ-ਐਂਡਰਸਨ ਵੱਲ ਇਸ ਹਫਤੇ ਲਿਖੇ ਗਏ ਪੱਤਰ ਵਿਚ ਮੈਕਮਾਸਟਰ ਤੇ 6 ਹੋਰ ਗਵਰਨਰਾਂ ਨੇ ਕਿਹਾ ਕਿ ਐਟਮੀ ਹਥਿਆਰਾਂ ਵਿਰੁੱਧ ਟਰੰਪ ਨੇ ਸਖਤ ਰੁਖ ਅਪਣਾਇਆ ਹੈ। ਇਸ ਤੋਂ ਇਲਾਵਾ ਉਤਰੀ ਕੋਰੀਆ ਨਾਲ ਗੱਲਬਾਤ ਦੀ ਉਨ੍ਹਾਂ ਦੀ ਇੱਛਾ ਨਾਲ ਦੋਵਾਂ ਕੋਰੀਅਨ ਦੇਸ਼ਾਂ ਤੇ ਬਾਕੀ ਦੀ ਦੁਨੀਆ ਵਿਚਕਾਰ ਸਹਿਯੋਗ, ਦੋਸਤੀ ਅਤੇ ਇਕਜੁੱਟਤਾ ਦੇ ਨਵੇਂ ਰਾਹ ਖੁੱਲ੍ਹੇ ਹਨ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕੀ ਪਾਰਲੀਮੈਂਟ ਦੇ 18 ਮੈਂਬਰਾਂ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਪੱਤਰ ਲਿਖ ਕੇ ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਟਰੰਪ ਦੀ ਇਤਿਹਾਸਕ ਬੈਠਕ ਦੀਆਂ ਤਿਆਰੀਆਂ ਲਈ ਉਨ੍ਹਾਂ ਨੂੰ ਇਨਾਮ ਦੇਣ ਲਈ ਰਸਮੀ ਰੂਪ ਨਾਲ ਨਾਮਜ਼ਦ ਕਰ ਦਿੱਤਾ ਸੀ। ਨੈਸ਼ਨਲ ਰਿਪਬਲਿਕਨ ਸੇਨੇਟੋਰੀਅਮ ਕਮੇਟੀ ਨੇ ਸਮਰਥਕਾਂ ਨੂੰ ਈਮੇਲ ਭੇਜ ਕੇ ਕਿਹਾ ਹੈ ਕਿ ਟਰੰਪ ਦਾ ਨਾਂ ਸੂਚੀ ਵਿਚ ਸ਼ਾਮਲ ਕਰਵਾ ਕੇ ਉਹ ਨੋਬਲ ਇਨਾਮ ਲਈ ਰਾਸ਼ਟਰਪਤੀ ਨੂੰ ਨਾਮਜ਼ਦ ਕਰਨ ਵਿਚ ਉਨ੍ਹਾਂ ਦੀ ਮਦਦ ਕਰਨ। ਸੰਗਠਨ ਦੀ ਵੈਬਸਾਈਟ ਮੁਤਾਬਕ ਪੱਤਰ ਲਿਖਣ ਵਾਲੇ ਗਵਰਨਰ ਉਨ੍ਹਾਂ ਲੋਕਾਂ ਵਿਚ ਸ਼ਾਮਲ ਨਹੀਂ ਹਨ, ਜੋ ਅਧਿਕਾਰਤ ਤੌਰ ਉੱਤੇ ਨੋਬਲ ਪੁਰਸਕਾਰ ਲਈ ਨਾਮਜ਼ਦਗੀ ਕਰ ਸਕਦੇ ਹਨ।