ਅਮਰੀਕਾ ਦੇ ਇੱਕ ਹੋਰ ਫੈਡਰਲ ਜੱਜ ਵੱਲੋਂ ਡੀ ਏ ਸੀ ਏ ਖਤਮ ਕਰਨ ਦੇ ਵਿਰੁੱਧ ਫੈਸਲਾ


ਵਾਸ਼ਿੰਗਟਨ, 25 ਅਪਰੈਲ, (ਪੋਸਟ ਬਿਊਰੋ)- ਕੋਲੰਬੀਆ ਸਰਕਿਟ ਜ਼ਿਲੇ ਦੇ ਜੱਜ ਜੋਨ ਬੇਟਸ ਨੇ ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਸ (ਡੀ ਏ ਸੀ ਏ) ਪ੍ਰੋਗਰਾਮ ਨੂੰ ਖਤਮ ਕਰਨ ਦੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਦੇ ਖ਼ਿਲਾਫ਼ ਫੈਸਲਾ ਦਿੱਤਾ ਹੈ। ਜੱਜ ਜੋਨ ਬੇਟਸ ਨੇ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੂੰ 90 ਦਿਨਾਂ ਅੰਦਰ ਪ੍ਰੋਗਰਾਮ ਖਤਮ ਕਰਨ ਦਾ ਜਵਾਬ ਦੇਣ ਨੂੰ ਵੀ ਕਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਉੱਤੇ ਉਹ ਡੀ ਏ ਸੀ ਏ ਨੂੰ ਪੂਰੀ ਤਰ੍ਹਾਂ ਨਾਲ ਬਹਾਲ ਕਰਨ ਦਾ ਹੁਕਮ ਜਾਰੀ ਕਰ ਦੇਣਗੇ।
ਵਰਨਣ ਯੋਗ ਹੈ ਕਿ ਜੋਨ ਬੇਟਸ ਇਸ ਤਰ੍ਹਾਂ ਦਾ ਫੈਸਲਾ ਦੇਣ ਵਾਲੇ ਤੀਸਰੇ ਫੈਡਰਲ ਜੱਜ ਹਨ। ਇਸ ਤੋਂ ਪਹਿਲਾਂ ਸਤੰਬਰ ਵਿਚ ਡੀ ਏ ਸੀ ਏ ਖਤਮ ਕਰਨ ਬਾਰੇ ਵ੍ਹਾਈਟ ਹਾਊਸ ਦੇ ਐਲਾਨ ਪਿੱਛੋਂ ਨਿਊਯਾਰਕ ਅਤੇ ਸਾਨ ਫਰਾਂਸਿਸਕੋ ਦੇ ਫੈਡਰਲ ਜੱਜਾਂ ਨੇ ਇਸ ਦੇ ਵਿਰੁੱਧ ਫੈਸਲਾ ਦਿੱਤਾ ਸੀ। ਉਨ੍ਹਾਂ ਟਰੰਪ ਸਰਕਾਰ ਨੂੰ ਡੀ ਏ ਸੀ ਏ ਲਈ ਸੁਰੱਖਿਆ ਦੇਣ ਲਈ ਨਵੀਆਂ ਐਪਲੀਕੇਸ਼ਨਾਂ ਨੂੰ ਫਿਰ ਸਵੀਕਾਰ ਕਰਨ ਦੇ ਹੁਕਮ ਦਿੱਤੇ ਸਨ। ਜੋਨ ਬੇਟਸ ਨੇ ਟਰੰਪ ਸਰਕਾਰ ਦੇ ਇਸ ਕਦਮ ਨੂੰ ਗੈਰ-ਕਾਨੂੰਨੀ, ਸਨਕੀ ਅਤੇ ਅਸਪਸ਼ਟ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰੀ ਏਜੰਸੀ ਦੀ ਗੈਰ-ਕਾਨੂੰਨੀ ਕਾਰਵਾਈ ਦੇ ਚਲਦੇ ਡੀ ਏ ਸੀ ਏ ਦਾ ਲਾਭ ਲੈਣ ਦੇ ਯੋਗ ਲੋਕਾਂ ਨੂੰ ਕੱਢੇ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ।
ਇਸ ਤੋਂ ਪਹਿਲਾਂ ਫਰਵਰੀ ਵਿਚ ਅਮਰੀਕਾ ਦੀ ਸੁਪਰੀਮ ਕੋਰਟ ਨੇ ਸਾਨ ਫਰਾਂਸਿਸਕੋ ਦੇ ਜੱਜ ਦੇ ਫੈਸਲੇ ਵਿਰੁੱਧ ਟਰੰਪ ਸਰਕਾਰ ਦੀ ਅਪੀਲ ਉੱਤੇ ਸੁਣਵਾਈ ਤੋਂ ਨਾਂਹ ਕਰ ਦਿੱਤੀ ਸੀ। ਡੀ ਏ ਸੀ ਏ ਅਮਰੀਕੀ ਇਮੀਗ੍ਰੇਸ਼ਨ ਨੀਤੀ ਹੈ, ਜਿਸ ਹੇਠ ਬਚਪਨ ਵਿਚ ਕਾਗਜ਼ਾਤ ਦੇ ਬਿਨਾ ਗੈਰ-ਕਾਨੂੰਨੀ ਰੂਪ ਨਾਲ ਆਏ ਪ੍ਰਵਾਸੀ ਲੋਕਾਂ ਨੂੰ ਅਮਰੀਕਾ ਵਿਚ ਰਹਿਣ ਤੇ ਵਰਕ ਪਰਮਿਟ ਦੀ ਆਗਿਆ ਦਿੱਤੀ ਜਾਂਦੀ ਹੈ। ਜੂਨ 2012 ਵਿਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਸਰਕਾਰ ਨੇ ਡੀ ਏ ਸੀ ਏ ਲਾਗੂ ਕੀਤਾ ਸੀ। ਅਮਰੀਕਾ ਵਿਚ ਕਰੀਬ 7 ਲੱਖ ਬਿਨਾਂ ਕਾਨੂੰਨੀ ਕਾਗਜ਼ਾਤ ਵਾਲੇ ਪ੍ਰਵਾਸੀਆਂ ਨੇ ਡੀ ਏ ਸੀ ਏ ਉੱਤੇ ਦਸਤਖਤ ਕੀਤੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਬਚਪਨ ਵਿਚ ਅਮਰੀਕਾ ਆਏ ਸਨ।