ਅਮਰੀਕਾ ਦੇ ਇੱਕ ਗੁਰਦੁਆਰੇ ਵਿੱਚ ਪ੍ਰਧਾਨਗੀ ਭੇੜ ਵਿੱਚ ਚਾਰ ਜਣੇ ਫੱਟੜ


ਗ੍ਰੀਨਵੁੱਡ (ਅਮਰੀਕਾ), 16 ਅਪਰੈਲ, (ਪੋਸਟ ਬਿਊਰੋ)- ਅਮਰੀਕਾ ਵਿੱਚ ਇੰਡੀਆਨਾਪੋਲਿਸ ਦੇ ਇਕ ਗੁਰਦੁਆਰੇ ਵਿੱਚ ਪ੍ਰਧਾਨਗੀ ਸੰਭਾਲਣ ਲਈ ਦੋ ਧੜਿਆਂ ਵਿਚਾਲੇ ਹੋਈ ਝੜਪ ਦੌਰਾਨ ਚਾਰ ਸਿੱਖ ਮਾਮੂਲੀ ਫੱਟੜ ਹੋਣ ਦੀ ਖਬਰ ਹੈ। ਇਹ ਘਟਨਾ ਇੰਡੀਆਨਾਪੋਲਿਸ ਦੇ ਦੱਖਣ ਵਿੱਚ ਇੱਕ ਗੁਰਦੁਆਰੇ ਵਿੱਚ ਦੋ-ਸਾਲਾ ਚੋਣਾਂ ਮੌਕੇ ਵਾਪਰੀ ਹੈ।
ਗ੍ਰੀਨਵੁੱਡ ਦੇ ਅਸਿਸਟੈਂਟ ਪੁਲੀਸ ਚੀਫ਼ ਮੈਥਊ ਫਲਿਨਰੈਥ ਨੇ ਦੱਸਿਆ ਗੁਰਦੁਆਰੇ ਵਿੱਚ ਚੋਣ ਦੌਰਾਨ ਕਰੀਬ ਡੇਢ ਸੌ ਲੋਕਾਂ ਵਿਚਾਲੇ ਝਗੜਾ ਹੱਥੋਪਾਈ ਵਿੱਚ ਬਦਲ ਗਿਆ। ਇਸ ਕਾਰਨ ਮੌਕੇ ਉੱਤੇ ਪੁਲੀਸ ਨੂੰ ਦਖ਼ਲ ਦੇਣਾ ਪਿਆ ਤੇ ਨਾਲ ਮੈਡੀਕਲ ਸਹਾਇਤਾ ਟੀਮਾਂ ਸੱਦਣੀਆਂ ਪਈਆਂ। ਉਨ੍ਹਾਂ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਚੋਣ ਵਿੱਚ ਲੀਡਰਸ਼ਿਪ ਵਿੱਚ ਤਬਦੀਲੀ ਹੋਈ ਸੀ, ਜਿਸ ਤੋਂ ਲੜਾਈ ਹੋ ਗਈ। ਗੁਰਦੁਆਰੇ ਵਿੱਚ ਹਰ ਦੋ ਸਾਲ ਪਿੱਛੋਂ ਚੋਣਾਂ ਹੁੰਦੀਆਂ ਹਨ। ਫਲਿਨਰੈਥ ਦੇ ਦੱਸਣ ਮੁਤਾਬਕ ਲੜਾਈ ਸਮੇਂ ਗੁਰਦੁਆਰੇ ਵਿੱਚ ਪਾਠ ਵੀ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਜ਼ਖ਼ਮੀ ਹੋਏ ਚਾਰ ਜਣਿਆਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ, ਜਿਥੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਚੱਲ ਰਹੀ ਹੈ। ਗੁਰਦੁਆਰੇ ਵਿਚਲੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਫੋਲਣ ਤੋਂ ਇਲਾਵਾ ਪੁਲੀਸ ਨੇ ਉਥੇ ਮੌਜੂਦ ਹੋਰ ਲੋਕਾਂ ਦੇ ਬਿਆਨ ਵੀ ਕਲਮਬੰਦ ਕਰ ਲਏ ਹਨ। ਇਸ ਤੋਂ ਬਾਅਦ ਪੁਲੀਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।