ਅਮਰੀਕਾ ਦੀ ਸੈਨੇਟ ਕਮੇਟੀ ਨਾਲ ਮੁਲਾਕਾਤ ਤੋਂ ਬਾਅਦ ਫਰੀਲੈਂਡ ਨੇ ਟੈਰਿਫਜ਼ ਨੂੰ ਦੱਸਿਆ ਬੇਤੁਕਾ


ਵਾਸਿ਼ੰਗਟਨ, 13 ਜੂਨ (ਪੋਸਟ ਬਿਊਰੋ) : ਵਾਸਿ਼ੰਗਟਨ ਪਹੁੰਚੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਇੱਕ ਵਾਰੀ ਫਿਰ ਟਰੰਪ ਪ੍ਰਸ਼ਾਸਨ ਵੱਲੋਂ ਲਾਏ ਗਏ ਸਟੀਲ ਤੇ ਐਲੂਮੀਨੀਅਮ ਟੈਰਿਫਜ਼ ਨੂੰ ਬੇਤੁਕਾ ਦੱਸਿਆ।
ਵਾਸਿ਼ੰਗਟਨ ਵਿੱਚ ਅਮਰੀਕੀ ਸੈਨੇਟ ਦੀ ਵਿਦੇਸ਼ ਰਿਲੇਸ਼ਨਜ਼ ਕਮੇਟੀ ਨਾਲ ਮੁਲਾਕਾਤ ਤੋਂ ਬਾਅਦ ਫਰੀਲੈਂਡ ਨੇ ਕੈਨੇਡਾ ਦਾ ਇਨ੍ਹਾਂ ਟੈਰਿਫਜ਼ ਖਿਲਾਫ ਵਿਰੋਧ ਦਰਜ ਕਰਵਾਇਆ। ਕਿਊਬਿਕ ਵਿੱਚ ਜੀ 7 ਮੁਲਕਾਂ ਦੀ ਹੋਈ ਸਿਖਰ ਵਾਰਤਾ ਤੋਂ ਬਾਅਦ ਰਾਸ਼ਟਰਪਤੀ ਡੌਨਲਡ ਟਰੰਪ ਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਕੀਤੇ ਜਾਣ ਵਾਲੇ ਨਿਜੀ ਹਮਲਿਆਂ ਤੋਂ ਬਾਅਦ ਅਮਰੀਕਾ ਪਹੁੰਚਣ ਵਾਲੀ ਫਰੀਲੈਂਡ ਪਹਿਲੀ ਕੈਨੇਡੀਅਨ ਸਿਆਸਤਦਾਨ ਹੈ।
ਇਨ੍ਹਾਂ ਹਮਲਿਆਂ ਦੀ ਕੋਈ ਗੱਲ ਫਰੀਲੈਂਡ ਵੱਲੋਂ ਨਹੀਂ ਛੇੜੀ ਗਈ ਪਰ ਟੈਰਿਫਜ਼ ਦੇ ਸਬੰਧ ਵਿੱਚ ਕੈਨੇਡਾ ਦਾ ਵਿਰੋਧ ਦਰਜ ਕਰਵਾਉਣਾ ਉਹ ਨਹੀਂ ਭੁੱਲੀ। ਫਰੀਲੈਂਡ ਨੇ ਯੂਐਸ ਦੇ ਟਰੇਡ ਲਾਅ ਦੀ ਧਾਰਾ 232 ਦਾ ਉਚੇਚੇ ਤੌਰ ਉੱਤੇ ਵਿਰੋਧ ਕੀਤਾ ਜਿਸ ਵਿੱਚ ਕੌਮੀ ਹਿਤਾਂ ਦੇ ਆਧਾਰ ਉੱਤੇ ਇਸ ਕਾਰਵਾਈ ਨੂੰ ਜਾਇਜ਼ ਦੱਸਿਆ ਗਿਆ ਹੈ। ਸੈਨੇਟਰ ਬੌਬ ਕੌਰਕਰ ਨੇ ਇਸ ਮੌਕੇ ਆਖਿਆ ਕਿ ਬਹੁਗਿਣਤੀ ਅਮਰੀਕੀ ਸੈਨੇਟਰਜ਼ ਵੀ ਇਸ ਨਜ਼ਰੀਏ ਨਾਲ ਸਹਿਮਤ ਹਨ।
ਫਰੀਲੈਂਡ ਨਾਲ ਮੁਲਾਕਾਤ ਤੋਂ ਬਾਅਦ ਕੌਰਕਰ ਨੇ ਆਖਿਆ ਕਿ 232 ਦੀ ਵਰਤੋਂ ਕਰਨਾ ਰਾਸ਼ਟਰਪਤੀ ਦੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਤੁਲ ਹੈ। ਇਸ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਵੱਲੋਂ ਬਿੱਲ ਪਾਸ ਕਰਵਾਉਣ ਦੀ ਕੋਸਿ਼ਸ਼ ਵੀ ਕੀਤੀ ਜਾ ਰਹੀ ਹੈ। ਆਪਣੇ ਬਿੱਲ ਲਈ ਕੌਰਕਰ ਸਮਰਥਨ ਜੁਟਾਉਣ ਦੀ ਕੋਸਿ਼ਸ਼ ਕਰ ਰਹੇ ਹਨ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਯੂਐਸ ਟਰੇਡ ਲਾਅ ਤਹਿਤ ਨੈਸ਼ਨਲ ਸਕਿਊਰਿਟੀ ਦੇ ਨਾਂ ਉੱਤੇ ਟੈਰਿਫ ਲਾਉਣ ਦਾ ਅਧਿਕਾਰ ਰਾਸ਼ਟਰਪਤੀ ਕੋਲ ਨਹੀਂ ਸਗੋਂ ਅਮਰੀਕੀ ਕਾਂਗਰਸ ਕੋਲ ਹੋਵੇਗਾ।
ਬੁੱਧਵਾਰ ਸ਼ਾਮ ਨੂੰ ਫਰੀਲੈਂਡ ਵੱਲੋਂ ਵਿਦੇਸ਼ ਨੀਤੀ ਦੇ ਸਬੰਧ ਵਿੱਚ ਭਾਸ਼ਣ ਦਿੱਤੇ ਜਾਣ ਦੀ ਵੀ ਸੰਭਾਵਨਾ ਸੀ। ਵੀਰਵਾਰ ਨੂੰ ਉਹ ਨਾਫਟਾ ਗੱਲਬਾਤ ਨੂੰ ਲੀਹ ਉੱਤੇ ਲਿਆਉਣ ਲਈ ਅਮਰੀਕਾ ਦੇ ਟਰੇਡ ਜ਼ਾਰ ਰੌਬਰਟ ਲਾਈਥਜ਼ਰ ਨਾਲ ਵੀ ਮੁਲਾਕਾਤ ਕਰੇਗੀ।