ਅਮਰੀਕਾ ਦੀ ਵਿਚੋਲਗੀ ਦਾ ਸੁਝਾਅ ਭਾਰਤ ਵੱਲੋਂ ਰੱਦ ਕਰਨ ਪਿੱਛੋਂ ਪਾਕਿ ਨੇ ਬੋਚਿਆ

chaudhryਵਾਸ਼ਿੰਗਟਨ, 5 ਅਪਰੈਲ, (ਪੋਸਟ ਬਿਊਰੋ)- ਪਾਕਿਸਤਾਨ ਨੇ ਭਾਰਤ ਨਾਲ ਤਣਾਅ ਘੱਟ ਕਰਨ ਵਿੱਚ ਅਮਰੀਕਾ ਵਲੋਂ ਕੀਤੀ ਗਈ ਮਦਦ ਦੀ ਪੇਸ਼ਕਸ਼ ਦਾ ਸਵਾਗਤ ਕੀਤਾ ਤੇ ਕਿਹਾ ਹੈ ਕਿ ਦੱਖਣੀ ਏਸ਼ੀਆ ਵਿਚ ਸ਼ਾਂਤੀ ਤੇ ਸਥਿਰਤਾ ਲਈ ਅਮਰੀਕਾ ਵਲੋਂ ਨਿਭਾਈ ਜਾਣ ਵਾਲੀ ਹਰ ਸਕਾਰਾਤਮਕ ਭੂਮਿਕਾ ਨਾਲ ਖੇਤਰ ਦਾ ਭਲਾ ਹੋਵੇਗਾ।
ਵਾਸ਼ਿੰਗਟਨ ਵਿੱਚ ਪਾਕਿਸਤਾਨ ਦੇ ਰਾਜਦੂਤ ਐਜ਼ਾਜ਼ ਅਹਿਮਦ ਚੌਧਰੀ ਨੇ ਯੂ ਐੱਨ ਵਿਚ ਅਮਰੀਕੀ ਰਾਜਦੂਤ ਨਿੱਕੀ ਹੈਲੀ ਵਲੋਂ ਸੋਮਵਾਰ ਨੂੰ ਕੀਤੀਆਂ ਟਿੱਪਣੀਆਂ ਨੂੰ ਸਕਾਰਾਤਮਕ ਦੱਸਿਆ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਘੱਟ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਅਮਰੀਕਾ ਵਿਚੋਲਗੀ ਕਰਨ ਤੇ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰੇਗਾ। ਪਾਕਿਸਤਾਨੀ ਅਖਬਾਰ ‘ਡਾਨ’ ਨੇ ਵਾਸ਼ਿੰਗਟਨ ਤੋਂ ਆਈ ਖਬਰ ਵਿਚ ਚੌਧਰੀ ਦਾ ਹਵਾਲਾ ਦਿੰਦੇ ਹੋਏ ਕਿਹਾ, ‘ਦੱਖਣੀ ਏਸ਼ੀਆ ਵਿੱਚ ਸ਼ਾਂਤੀ ਤੇ ਸਥਿਰਤਾ ਲਈ ਅਮਰੀਕਾ ਜੋ ਵੀ ਸਕਾਰਾਤਮਕ ਭੂਮਿਕਾ ਨਿਭਾਵੇਗਾ, ਉਹ ਖੇਤਰ ਦੇ ਭਲੇ ਲਈ ਹੋਵੇਗੀ।’ ਚੌਧਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਪਾਕਿਸਤਾਨ ਦੀ ਦਿਲਚਸਪੀ ਅਜਿਹੀਆਂ ਕੋਸ਼ਿਸ਼ਾਂ ਵਿੱਚ ਹੈ, ਕਿਉਂਕਿ ਉਹ ਭਾਰਤ ਨਾਲ ਚੰਗੇ ਗੁਆਂਢੀ ਵਾਲੇ ਸੰਬੰਧ ਚਾਹੁੰਦਾ ਹੈ।
ਕਿਸੇ ਤੀਜੇ ਪੱਖ ਦੀ ਵਿਚੋਲਗੀ ਬਾਰੇ ਪਾਕਿਸਤਾਨ ਦਾ ਸਮਥਰਨ ਓਦੋਂ ਆਇਆ ਹੈ, ਜਦੋਂ ਭਾਰਤ ਨੇ ਭਾਰਤ-ਪਾਕਿਸਤਾਨ ਮਾਮਲਿਆਂ ਵਿੱਚ ਅਮਰੀਕਾ ਦੀ ਕਿਸੇ ਵੀ ਭੂਮਿਕਾ ਨੂੰ ਮੰਗਲਵਾਰ ਨੂੰ ਨਕਾਰ ਦਿੱਤਾ ਸੀ। ਭਾਰਤ ਨੇ ਕਿਹਾ ਸੀ ਕਿ ਭਾਰਤ-ਪਾਕਿਸਤਾਨ ਨਾਲ ਸਾਰੇ ਮੁੱਦਿਆਂ ਨੂੰ ਅੱਤਵਾਦ ਅਤੇ ਹਿੰਸਾ ਤੋਂ ਮੁਕਤ ਮਾਹੌਲ ਵਿੱਚ ਦੋ-ਪੱਖੀ ਢੰਗ ਨਾਲ ਸੁਲਝਾਉਣ ਦਾ ਉਸ ਦਾ ਰਵੱਈਆ ਅਜੇ ਵੀ ਬਦਲਿਆ ਨਹੀਂ ਹੈ।